ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋਣ ਮਗਰੋਂ ਉਮੀਦਵਾਰਾਂ ਨੇ ਦਫ਼ਤਰ ਖੋਲ੍ਹ ਕੇ ਚੋਣ ਪ੍ਰਚਾਰ ਮਘਾ ਦਿੱਤਾ ਹੈ। ਪੱਛਮੀ ਦਿੱਲੀ ਵਿੱਚ ਰਾਜ਼ੌਰੀ ਗਾਰਡਨ ਹਲਕਾ ਅਹਿਮੀਅਤ ਵਾਲਾ ਵਾਰਡ ਹੈ ਜਿੱਥੇ ਧਨਾੜ ਸਿੱਖ ਵਰਗ ਰਹਿੰਦਾ ਹੈ ਤੇ ਇੱਥੋਂ ਦੀ ਸਿੰਘ ਸਭਾ ਵੱਲੋਂ ਸਮਾਜਕ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਵਾਰ ਇੱਥੋਂ ਜਾਗੋ ਦੇ ਉਮੀਦਵਾਰ ਵਜੋਂ ਬਲਦੀਪ ਸਿੰਘ ਰਾਜਾ ਪਹਿਲੀ ਵਾਰ ਸਿੱਖ ਰਾਜਨੀਤੀ ਵਿੱਚ ਹਿੱਸਾ ਲੈ ਰਹੇ ਹਨ। ਬਲਦੀਪ ਸਿੰਘ ਰਾਜਾ ਦੇ ਭਰਾ ਹਰਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਅਸਤੀਫ਼ਾ ਦੇ ਕੇ ਨਿਰੋਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਵੱਜੋਂ ਹੀ ਸੇਵਾਵਾਂ ਨਿਭਾਉਣ ਦਾ ਫ਼ੈਸਲਾ ਕਰਨ ਮਗਰੋਂ ਬਲਦੀਪ ਸਿੰਘ ਨੂੰ ਸਥਾਨਕ ਸੰਗਤ ਨੇ ਜਾਗੋ ਦੇ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਨਿੱਤਰਨ ਲਈ ਮਨਾਇਆ। ਉਮੀਦਵਾਰ ਵੱਲੋਂ ਇਲਾਕੇ ਵਿੱਚ ਆਪਣੇ ਦਫ਼ਤਰ ਖੋਲ੍ਹੇ ਗਏ ਤੇ ਇਲਾਕੇ ਵਿੱਚ ਘਰ-ਘਰ ਜਾ ਕੇ ਆਪਣੀਆਂ ਨੀਤੀਆਂ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਸਿੱਖ ਕੌਮ ਅੱਗੇ ਜਿੱਥੇ ਭਾਸ਼ਾ ਬਚਾਉਣਾ ਇੱਕ ਵੱਡੀ ਚੁਣੌਤੀ ਹੈ ਉੱਥੇ ਹੀ ਪੱਛਮੀ ਸੱਭਿਆਚਾਰ ਦੇ ਹਮਲੇ ਤੋਂ ਬਚਣਾ ਵੀ ਇੱਕ ਨਵੀਂ ਚੁਣੌਤੀ ਹੈ। ਬਲਦੀਪ ਸਿੰਘ ਵੱਲੋਂ ਰਾਜ਼ੌਰੀ ਗਾਰਡਨ ਦੇ ਬੀ-ਬਲਾਕ ਗੁਰਦੁਆਰੇ ਵਿੱਜ ਸਥਾਨਕ ਸੰਗਤ ਨਾਲ ਰਾਬਤਾ ਬਣਾਇਆ ਗਿਆ। ਇਸ ਮੌਕੇ ਸਾਦੇ ਸਮਾਗਮ ਵਿੱਚ ਪ੍ਰਧਾਨ ਮਾਨ ਸਿੰਘ, ਜਨਰਲ ਸੱਕਤਰ ਮਨਮੋਹਨ ਸਿੰਘ, ਗੁਰਦੀਪ ਸਿੰਘ ਗੋਲਡੀ, ਜਗਜੀਤ ਸਿੰਘ ਚਾਵਲਾ, ਅਮਰਦੀਪ ਸਿੰਘ ਜੌਨੀ, ਹਰਪ੍ਰੀਤ ਸਿੰਘ ਰਿੰਕਲ, ਜੁਝਾਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ।