ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਉਂਕਾਰ ਸਿੰਘ ਰਾਜਾ ਵੱਲੋਂ ਮਹਿਰੌਲੀ ਤੇ ਛੱਤਰਪੁਰ ਦੇ ਇਲਾਕੇ ਵਿੱਚ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਛੱਤਰਪੁਰ ਤੇ ਸੁਲਾਤਨਪੁਰੀ ਦੇ ਇਲਾਕੇ ਵਿੱਚ ਕੁੱਲ ਮਿਲਾ ਕੇ 3 ਹਜ਼ਾਰ ਤੋਂ ਵੱਧ ਵੋਟਰ ਹਨ। ਇਸ ਤੋਂ ਇਲਾਵਾ ਉਨ੍ਹਾਂ ਸਾਕੇਤ ਦੇ ਸਿੱਖ ਵੋਟਰਾਂ ਕੋਲ ਵੀ ਖ਼ੁਦ ਜਾ ਕੇ ਤੇ ਆਪਣੀਆਂ ਟੀਮਾਂ ਭੇਜ ਕੇ ਆਪਣੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ। ਇਸ ਵਾਰਡ ਵਿੱਚ ਜ਼ਿਆਦਾਤਰ ਵੋਟਰ ਕਾਰੋਬਾਰ ਵਾਲੇ ਹਨ ਜਾਂ ਨੌਕਰੀ ਪੇਸ਼ਾ ਸਿੱਖ ਭਾਈਚਾਰਾ ਰਹਿੰਦਾ ਹੈ। ਉੱਚ-ਮੱਧ ਵਰਗ ਨਾਲ ਜੁੜੇ ਸਿੱਖ ਭਾਈਚਾਰੇ ਦੇ ਅਹਿਮ ਆਗੂਆਂ ਵੱਲੋਂ ਬਾਦਲ ਧੜੇ ਦੇ ਉਮੀਦਵਾਰ ਨਾਲ ਚੱਲਣ ਕਰਕੇ ਮੁਕਾਬਲਾ ਦਿਲਚਸਪ ਹੋ ਗਿਆ ਹੈ। ਸ੍ਰੀ ਰਾਜਾ ਇੱਥੋਂ ਲਗਾਤਾਰ ਦੂਜੀ ਵਾਰ ਚੋਣ ਲੜ ਰਹੇ ਹਨ। ਇਸ ਵਾਰਡ ਵਿੱਚ ਸੰਗਤ ਵੱਲੋਂ ਨੁੱਕੜ ਸਭਾਵਾਂ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸ੍ਰੀ ਰਾਜਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਥਾਨਕ ਸਿੱਖ ਭਾਈਚਾਰੇ ਨੇ ਦਿੱਲੀ ਕਮੇਟੀ ਨਾਲ ਮਿਲ ਕੇ ਹਰ ਵਰਗ ਦੀ ਸੇਵਾ ਕੀਤੀ ਸੀ।