ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਦਸੰਬਰ
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਐੱਮਐੱਲਸੀ ਬਲਵੰਤ ਸਿੰਘ ਰਾਮੂਵਾਲੀਆ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਯੋਗੀ ਅਦਿੱਤਿਆਨਾਥ ਨੂੰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸ਼੍ਰੋਮਣੀ ਬਾਲ ਦਿਵਸ ਵਜੋਂ ਮਨਾਉਂਦੇ ਹੋਏ ਛੁੱਟੀ ਕਰਨ ਦੀ ਅਪੀਲ ਕੀਤੀ ਅਤੇ ਉੱਤਰ ਪ੍ਰਦੇਸ਼ ਦੀ ਵਿੱਦਿਅਕ ਨੀਤੀ ਵਿੱਚ ਐਲਾਨ ਕਰਨ ਲਈ ਕਿਹਾ ਕਿ ਜਿਸ ਵੀ ਸਕੂਲ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਦਿਆਰਥੀ ਪੰਜਾਬੀ (ਗੁਰਮੁਖੀ ਅੱਖਰਾਂ) ਵਿੱਚ ਪੜ੍ਹਨਾ ਚਾਹੁਣ, ਉਨ੍ਹਾਂ ਨੂੰ ਪੰਜਾਬੀ ਅਧਿਆਪਕ ਉਪਲੱਬਧ ਕਰਵਾਏ ਜਾਣ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਚਿੱਠੀ ਲਿਖ ਕੇ ਰਾਮੂਵਾਲੀਆ ਨੇ ਉਚੇਚਾ ਧਿਆਨ ਦੇਣ ਦੀ ਮੰਗ ਕੀਤੀ ਹੈ। ਰਾਮੂਵਾਲੀਆ ਨੇ ਇਹ ਵੀ ਕਿਹਾ ਕਿ ਪੰਜਾਬੀ ਅਕਾਦਮੀ ਦਾ ਬਜਟ ਉਨ੍ਹਾਂ ਦੇ ਕਹਿਣ ’ਤੇ ਅਖਿਲੇਸ਼ ਸਰਕਾਰ ਵੇਲੇ ਪੰਜ ਲੱਖ ਤੋਂ ਇੱਕ ਕਰੋੜ ਪੰਦਰਾਂ ਲੱਖ ਕਰ ਦਿੱਤਾ ਗਿਆ ਸੀ, ਹੁਣ ਇਸ ਦਾ ਬਜਟ ਦੱਸ ਕਰੋੜ ਕੀਤਾ ਜਾਵੇ। ਰਾਮੂਵਾਲੀਆ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਤੁਸੀਂ ਆਪਣੀ ਕੋਠੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਉਣ ਸਮੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਅਤਿ ਗੌਰਵਮਈ ਕਿਹਾ ਸੀ ਅਤੇ ਪੰਜਾਬੀ ਭਾਸ਼ਾ ਵਾਸਤੇ ਵੀ ਆਪਣੇ ਵਿਚਾਰ ਰੱਖੇ ਸਨ।