ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਾਰਚ
ਹਾਈ ਕੋਰਟ ਵਿੱਚ ਨਵੇਂ ਅਤੇ ਪੁਰਾਣੇ ਸਾਰੇ ਕੇਸਾਂ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਕੋਰਟ ਬਲਾਕ ਵਿੱਚ ਦਾਖਲੇ ਨਾਲ ਜੁੜੇ ਨਿਯਮਾਂ ਵਿੱਚ ਕੁਝ ਰਾਹਤ ਦਿੱਤੀ ਗਈ ਹੈ। ਸਾਰੀਆਂ ਸਹੂਲਤਾਂ ਨੂੰ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ। ਅਦਾਲਤ ਵਿੱਚ ਹੁਣ ਹਰ ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਹੋ ਰਹੀ ਹੈ। ਇਨ੍ਹਾਂ ਵਿੱਚ ਜ਼ਰੂਰੀ ਦੇ ਨਾਲ-ਨਾਲ ਨਿਯਮਤ ਵੀ ਸ਼ਾਮਲ ਹਨ। ਕੇਸ ਦਰਜ ਕਰਨ ਦੀ ਪ੍ਰਕਿਰਿਆ ਵੀ ਉਹੀ ਹੈ ਜੋ ਇੱਥੇ ਕਰੋਨਾ ਦੇ ਆਉਣ ਤੱਕ ਲਾਗੂ ਸੀ। ਆਨਲਾਈਨ ਜਾਂ ਈ-ਫਾਈਲਿੰਗ ਰਾਹੀਂ ਦਾਇਰ ਕੇਸਾਂ ਨੂੰ ਸੁਣਵਾਈ ਲਈ ਸਵੀਕਾਰ ਕੀਤਾ ਜਾ ਰਿਹਾ ਹੈ। ਹਾਈ ਕੋਰਟ ਵਿੱਚ ਪੂਰੀ ਫਿਜ਼ੀਕਲ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਹੁਣ ਅਦਾਲਤ ਵਿੱਚ ਸਾਰੇ ਵਕੀਲਾਂ, ਇੰਟਰਨਜ਼, ਕਾਨੂੰਨ ਖੋਜਕਰਤਾਵਾਂ ਤੇ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਵਾਲੇ ਮੁਕੱਦਮੇਬਾਜ਼ਾਂ ਦਾ ਦਾਖਲਾ ਉਸੇ ਤਰ੍ਹਾਂ ਹੋਵੇਗਾ ਜਿਵੇਂ ਕਿ ਕਰੋਨਾ ਤੋਂ ਪਹਿਲਾਂ ਹੁੰਦਾ ਸੀ। ਹਾਲਾਂਕਿ ਹੋਰ ਮੁਕੱਦਮੇਬਾਜ਼ਾਂ ਨੂੰ ਅਦਾਲਤ ਦੇ ਨਿਰਦੇਸ਼ਾਂ ’ਤੇ ਹੀ ਕੋਰਟ ਬਲਾਕ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਮਾਜਿਕ ਦੂਰੀ ਤੇ ਮਾਸਕ ਪਹਿਨਣ ਦਾ ਨਿਯਮ ਬਰਕਰਾਰ ਹੈ ਪਰ ਸਾਰੀਆਂ ਸਹੂਲਤਾਂ ਕਾਰਜਸ਼ੀਲ ਹਨ। ਸੋਮਵਾਰ ਨੂੰ ਹਾਈ ਕੋਰਟ ਤੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਜਿਸ ਅਨੁਸਾਰ ਅੱਜ ਤੱਕ ਇੱਕ ਲੱਖ 4,301 ਕੇਸ ਹਾਈ ਕੋਰਟ ਵਿੱਚ ਪੈਂਡਿੰਗ ਹਨ। ਇਹ ਅੰਕੜਾ ਇਸ ਸਾਲ 28 ਫਰਵਰੀ ਤੱਕ ਦਾ ਹੈ ਤੇ ਇਸ ਵਿੱਚ ਹਰ ਤਰ੍ਹਾਂ ਦੇ ਕੇਸ ਸ਼ਾਮਲ ਹਨ। ਹਾਈ ਕੋਰਟ ਵਿੱਚ ਬੈਂਚ ਨੂੰ ਲੈ ਕੇ ਵੀ ਕੁਝ ਬਦਲਾਅ ਸਾਹਮਣੇ ਆਏ ਹਨ। ਜਸਟਿਸ ਸੁਰੇਸ਼ ਕੁਮਾਰ ਕੈਤ ਤੇ ਜਸਟਿਸ ਅਨੂਪ ਜੈਰਾਮ ਭਾਂਭਾਨੀ ਦੇ ਡਿਵੀਜ਼ਨ ਬੈਂਚ ਦੇ ਲਿੰਕ ਨੂੰ ਮੁਅੱਤਲ ਕਰਕੇ ਦੋ ਸਿੰਗਲ ਬੈਂਚਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।