ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਸਾਲ 2007 ਤੋਂ ਬਾਅਦ ਐਤਵਾਰ ਨੂੰ ਸਵੇਰੇ 8: 30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ ਦੂਸਰੀ ਸਭ ਤੋਂ ਵੱਧ ਬਾਰਿਸ਼ ਹੋਈ। ਭਾਰਤ ਦੇ ਮੌਸਮ ਵਿਗਿਆਨ ਦੇ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਐਤਵਾਰ ਸਵੇਰੇ 8: 30 ਵਜੇ ਤੱਕ 74 ਮਿਲੀਮੀਟਰ ਦੀ ਲਗਾਤਾਰ ਬਾਰਿਸ਼ ਹੋਈ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਹੇਠਾਂ ਆ ਗਿਆ।
ਦਿੱਲੀ ਵਿਚ ਮੌਜੂਦਾ ਬਾਰਿਸ਼ ਮੌਨਸੂਨ ਦੀ ਬਾਰਸ਼ ਨਹੀਂ ਹੈ, ਜੋ ਕਿ 29 ਸਤੰਬਰ ਨੂੰ 653.6 ਮਿਲੀਮੀਟਰ ਦੇ ਸਾਧਾਰਨ ਦੇ ਮੁਕਾਬਲੇ 516.9 ਮਿਲੀਮੀਟਰ ਬਾਰਿਸ਼ ਘਟ ਗਈ ਸੀ। ਸ਼ਹਿਰ ਦੇ ਪ੍ਰਾਇਮਰੀ ਮੌਸਮ ਕੇਂਦਰ ਸਫਦਰਜੰਗ ਆਬਜ਼ਰਵੇਟਰੀ ’ਚ ਪਿਛਲੇ 24 ਘੰਟਿਆਂ ’ਚ 74.3 ਮਿਲੀਮੀਟਰ ਬਾਰਿਸ਼ ਹੋਈ ਹੈ। ਪਾਲਮ ਆਬਜ਼ਰਵੇਟਰੀ ’ਚ 64.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਲੋਧੀ ਰੋਡ, ਰਿਜ ਅਤੇ ਅਯਾਨਗਰ ਮੌਸਮ ਸਟੇਸ਼ਨਾਂ ’ਤੇ ਕ੍ਰਮਵਾਰ 87.2 ਮਿਲੀਮੀਟਰ, 60.1 ਮਿਲੀਮੀਟਰ ਅਤੇ 85.2 ਮਿਲੀਮੀਟਰ ਬਾਰਿਸ਼ ਹੋਈ। ਆਈਐੱਮਡੀ ਅਨੁਸਾਰ ਖੇਤਰ ਵਿੱਚ ਮੌਨਸੂਨ ਤੋਂ ਬਾਅਦ ਦੀ ਬਾਰਿਸ਼ ਇੱਕ ਪੱਛਮੀ ਗੜਬੜੀ ਕਾਰਨ ਹੁੰਦੀ ਹੈ। ਰਾਸ਼ਟਰੀ ਰਾਜਧਾਨੀ ’ਚ ਦੂਜੇ ਦਿਨ ਲਗਾਤਾਰ ਬਾਰਿਸ਼ ਨੇ ਐਤਵਾਰ ਨੂੰ ਹਵਾ ਦੀ ਗੁਣਵੱਤਾ ‘ਤਸੱਲੀਬਖਸ਼’ ਪੱਧਰ ’ਤੇ ਪਹੁੰਚਾਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਦਰਜ ਕੀਤਾ ਗਿਆ ਹਵਾ ਗੁਣਵੱਤਾ ਸੂਚਕ ਅੰਕ 54 ਸੀ ਜੋ ‘ਚੰਗੀ’ ਸ਼੍ਰੇਣੀ ਵਿੱਚ ਆਉਂਦਾ ਹੈ। ਮੌਸਮ ਅਧਿਕਾਰੀ ਨੇ ਦੱਸਿਆ ਕਿ ਕੌਮੀ ਰਾਜਧਾਨੀ ’ਚ ਘੱਟੋ-ਘੱਟ ਤਾਪਮਾਨ 23.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੀ ਔਸਤ ਤੋਂ ਇਕ ਡਿਗਰੀ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ (20.8 ਡਿਗਰੀ ਸੈਲਸੀਅਸ) ਤੇ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ (23.4 ਡਿਗਰੀ ਸੈਲਸੀਅਸ) ਵਿਚਕਾਰ ਅੰਤਰ 2.6 ਡਿਗਰੀ ਸੈਲਸੀਅਸ ਸੀ ਜੋ ਕਿ 1969 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ ਸਭ ਤੋਂ ਘੱਟ ਅਜਿਹਾ ਫਰਕ 19 ਅਕਤੂਬਰ 1998 ਨੂੰ 3.1 ਡਿਗਰੀ ਸੈਲਸੀਅਸ ’ਤੇ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਮੀ 100 ਫੀਸਦ ਸੀ। ਬੀਤੇ ਦਿਨ ਤੋਂ ਲਗਾਤਰ ਪੈ ਰਹੇ ਮੀਂਹ ਕਾਰਨ ਦਿੱਲੀ ਤੇ ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਸੜਕਾਂ ਉਪਰ ਜਾਮ ਲੱਗ ਗਏ ਤੇ ਲੋਕ ਪ੍ਰੇਸ਼ਾਨ ਹੋਏ। ਦਿੱਲੀ ਟਰੈਫਿਕ ਪੁਲੀਸ ਵੱਲੋਂ ਹਾਲਤ ਦੇਖਦੇ ਹੋਏ ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਜਾਮ ਦੀ ਹਾਲਤ ਦੇਖਦੇ ਹੋਏ ਆਉਣ-ਜਾਣ ਦੀ ਯੋਜਨਾ ਉਲੀਕਣ। ਮੌਸਮ ਮਹਿਕਮੇ ਵੱਲੋਂ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਇਸ ਬੇਮੌਸਮੇ ਮੀਂਹ ਕਾਰਨ ਫਸਲਾਂ ਤੇ ਸਬਜ਼ੀਆਂ ਦਾ ਨੁਕਸਾਨ ਹੋ ਰਿਹਾ ਹੈ।