ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜਨਵਰੀ
ਮੌਸਮ ਮਹਿਕਮੇ ਮੁਤਾਬਕ ਲੰਘੀ ਰਾਤ ਦਿੱਲੀ ਵਿੱਚ ਪਏ ਮੀਂਹ ਨਾਲ ਇਸ ਜਨਵਰੀ ਵਿੱਚ ਦਿੱਲੀ ਅੰਦਰ ਮੀਂਹ ਪੈਣ ਦਾ ਇਸ ਸਦੀ ਦਾ ਰਿਕਾਰਡ ਬਣ ਗਿਆ ਹੈ। ਸਾਲ 1901 ਮਗਰੋਂ ਦਿੱਲੀ ਵਿੱਚ ਹੁਣ ਤੱਕ ਐਨਾ ਮੀਂਹ ਪਿਆ ਹੈ। ਸਾਲ 2022 ਦੇ ਜਨਵਰੀ ਮਹੀਨੇ ਦੌਰਾਨ ਹੁਣ ਤੱਕ 88.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ 1,989 ਵਿੱਚ 79.7 ਮਿਲੀਮੀਟਰ, 1953 ਵਿੱਚ 73.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਦਿੱਲੀ ਸਫ਼ਦਰਜੰਗ ਆਬਜ਼ਰਵੇਟਰੀ ਜਿਸ ਦੇ ਅੰਕੜਿਆਂ ਨੂੰ ਦਿੱਲੀ ਦੀ ਔਸਤ ਮੰਨਿਆ ਜਾਂਦਾ ਹੈ, ਜਿਸ ਮੁਤਾਬਕ ਇਸ ਮਹੀਨੇ ਤੱਕ 6 ਮੀਂਹ ਦੇ ਦਿਨ ਦਰਜ ਕੀਤੇ ਗਏ ਤੇ 88.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਐਤਵਾਰ ਸਵੇਰ ਤੱਕ 8.30 ਵਜੇ ਤੱਕ 19.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਅਗਲੇ ਦਿਨਾਂ ਦੌਰਾਨ ਹੋਰ ਮੀਂਹ ਪੈਣ ਦਾ ਅਨੁਮਾਨ ਹੈ। ਜਨਵਰੀ ਦੌਰਾਨ ਇਸ ਮਹੀਨੇ ਪਾਲਮ ਕੇਂਦਰ ਵਿੱਚ 110 ਮਿਲੀਮੀਟਰ ਮੀਂਹ ਦਾ ਅੰਕੜਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 14.7 ਡਿਗਰੀ ਸੈਲਸੀਅਸ ਤੱਕ ਹੇਠਾਂ ਲਿਆਇਆ, ਜੋ ਆਮ ਨਾਲੋਂ ਸੱਤ ਡਿਗਰੀ ਘੱਟ ਹੈ ਅਤੇ ਇਸ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਘੱਟ ਹੈ। ਜਨਵਰੀ ਦੇ ਦੂਜੇ ਹਫ਼ਤੇ ਤੋਂ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਿਹਾ ਹੈ। ਘੱਟੋ-ਘੱਟ ਤਾਪਮਾਨ ਆਮ ਦੇ ਨੇੜੇ ਤੇ ਵੱਧ ਰਿਹਾ ਹੈ।
‘ਸਕਾਈਮੇਟ ਵੈਦਰ’ ਦੇ ਵਾਈਸ ਪ੍ਰੈਜ਼ੀਡੈਂਟ (ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ) ਮਹੇਸ਼ ਪਲਾਵਤ ਨੇ ਕਿਹਾ ਕਿ ਇਹ ਮੁੱਖ ਤੌਰ ’ਤੇ 9 ਜਨਵਰੀ ਤੋਂ 19 ਜਨਵਰੀ ਦੇ ਵਿਚਕਾਰ ਸੂਰਜ ਦੀ ਰੌਸ਼ਨੀ ਦੇ ਲੰਬੇ ਸੰਪਰਕ ਨੂੰ ਰੋਕਣ ਵਾਲੇ ਬੱਦਲਾਂ ਅਤੇ ਬਾਰਸ਼ ਕਾਰਨ ਹੈ। 7 ਜਨਵਰੀ ਤੋਂ 9 ਜਨਵਰੀ ਦਰਮਿਆਨ ਹੋਈ ਬਾਰਸ਼ ਨਾਲ ਹਵਾ ਵਿੱਚ ਨਮੀ ਵਧ ਗਈ, ਜਿਸ ਕਾਰਨ ਘੱਟ ਤਾਪਮਾਨ ਦੇ ਵਿਚਕਾਰ ਧੁੰਦ ਵਰਗੀ ਸਥਿਤੀ ਬਣੀ ਰਹੀ। ਧੁੰਦ ਅਤੇ ਘੱਟ ਬੱਦਲਾਂ ਕਾਰਨ ਰਾਜਧਾਨੀ ਦੇ ਵੱਡੇ ਹਿੱਸਿਆਂ ਤੇ ਗੁਆਂਢੀ ਖੇਤਰਾਂ ਵਿੱਚ 16 ਜਨਵਰੀ ਤੱਕ ਠੰਢੇ ਦਿਨ ਦੀ ਸਥਿਤੀ ਬਣੀ ਰਹੀ। ਮਹਿਕਮੇ ਨੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਘੱਟੋ-ਘੱਟ ਤਾਪਮਾਨ ਤਿੰਨ-ਚਾਰ ਡਿਗਰੀ ਘਟਣ ਦੀ ਭਵਿੱਖਬਾਣੀ ਕੀਤੀ ਹੈ।
ਮੀਂਹ ਮਗਰੋਂ ਦਿੱਲੀ ’ਚ ਹਵਾ ਦੀ ਗੁਣਵੱਤਾ ਸੁਧਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਮੀਂਹ ਪੈਣ ਤੋਂ ਬਾਅਦ ਅੱਜ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਸਿਸਟਮ ਅਨੁਸਾਰ ਇਸ ਦਾ ਏਅਰ ਕੁਆਲਿਟੀ ਇੰਡੈਕਸ ‘ਮੱਧਮ’ ਸ਼੍ਰੇਣੀ ਦੇ ਤਹਿਤ 169 ਉੱਤੇ ਰਿਹਾ। ਦੋਨੋਂ ਪੀਐੱਮ 2.5 ਅਤੇ ਪੀਐੱਮ 10 ਪ੍ਰਦੂਸ਼ਕਾਂ ਦਾ ਪੱਧਰ ਦੁਪਹਿਰ ਤੋਂ ਬਾਅਦ ਵੀ ‘ਮੱਧਮ ਸ਼੍ਰੇਣੀਆਂ’ ਵਿੱਚ ਸੀ। ਦਿੱਲੀ ਦਾ ‘ਏਕਿਊਆਈ’ ਜਨਵਰੀ ਦੇ ਦੂਜੇ ਹਫ਼ਤੇ ਤੋਂ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਸੀ। ਮਹੀਨੇ ਦੀ ਸ਼ੁਰੂਆਤ ’ਚ ਇਸ ਵਿੱਚ ਸੁਧਾਰ ਹੋਇਆ ਸੀ ਤੇ ‘ਦਰਮਿਆਨੀ’ ਸ਼੍ਰੇਣੀ ’ਚ ਸੈਟਲ ਹੋ ਗਿਆ ਸੀ। ਸੋਮਵਾਰ ਤੋਂ ਅਨੁਕੂਲ ਮੌਸਮੀ ਸਥਿਤੀਆਂ ਹੋਣ ਦੀ ਸੰਭਾਵਨਾ ਹੈ। ਹਵਾ ਦੀ ਗੁਣਵੱਤਾ ਤੇ ਮੌਸਮ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਐਤਵਾਰ ਨੂੰ 8-16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦਿੱਲੀ ਦੀ ਦੱਖਣ-ਪੂਰਬੀ ਦਿਸ਼ਾ ਤੋਂ ਹਵਾ ਆ ਰਹੀ ਹੈ। ਸੋਮਵਾਰ ਸਵੇਰ ਨੂੰ ਹਵਾ ਦੀ ਰਫ਼ਤਾਰ 8 ਕਿਲੋਮੀਟਰ ਪ੍ਰਤੀ ਘੰਟਾ, ਬੱਦਲਵਾਈ ਵਾਲੇ ਅਸਮਾਨ ਅਤੇ ਮੱਧਮ ਧੁੰਦ ਦੇ ਨਾਲ ਹਵਾ ਦਿੱਲੀ ਦੀ ਉੱਤਰ-ਪੱਛਮੀ ਦਿਸ਼ਾ ਤੋਂ ਆਉਣ ਦੀ ਸੰਭਾਵਨਾ ਹੈ।