ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਗ੍ਰੇਟਰ ਕੈਲਾਸ਼ ਵਿਧਾਨ ਸਭਾ ਦੇ ਚਿਰਾਗ ਖੇਤਰ ਵਿੱਚ ਕਰੋੜਾਂ ਰੁਪਏ ਦੀ ਜ਼ਮੀਨ ਭੂ-ਮਾਫੀਆ ਦੇ ਕਬਜ਼ੇ ਵਿੱਚੋਂ ਛੁਡਾ ਲਈ ਗਈ ਹੈ। ਇਹ ਜ਼ਮੀਨ ਬੀਆਰਟੀ ਦੀ ਮੁੱਖ ਸੜਕ ’ਤੇ ਪੰਚਸ਼ੀਲ ਖੇਤਰ ਵਿੱਚ ਸਥਿਤ ਹੈ। ਇਹ ਜ਼ਮੀਨ ਸੈਂਕੜੇ ਸਾਲਾਂ ਤੋਂ ਚਿਰਾਗ ਦਿੱਲੀ ਪਿੰਡ ਦੀ ਸ਼ਾਮਲਾਟ ਜ਼ਮੀਨ ਸੀ ਤੇ ਇਸ ਦੇ ਨੇੜੇ ਹੀ ਪਿੰਡ ਦਾ ਸ਼ਮਸ਼ਾਨਘਾਟ ਸੀ। ਕੁਝ ਮਹੀਨੇ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਸ਼ਾਮਲਾਟ ਜ਼ਮੀਨ (ਸਰਕਾਰੀ ਜ਼ਮੀਨ) ਨੂੰ ਮਾਲ ਰਿਕਾਰਡ ਵਿੱਚ ਲਿਖਵਾਇਆ ਸੀ। ਨਾਲ ਹੀ ਕੁਝ ਹਫ਼ਤਿਆਂ ਵਿੱਚ ਹੀ ਇਹ ਜ਼ਮੀਨ ਹਰਿਆਣਾ ਦੀ ਇੱਕ ਪਾਰਟੀ ਨੂੰ ਵੇਚ ਕੇ ਇਸ ਸਰਕਾਰੀ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ। ਇਸ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਸੀ। ਕੁਝ ਮਹੀਨੇ ਪਹਿਲਾਂ ਮੁੱਖ ਮਾਰਗ ’ਤੇ ਸਥਿਤ ਕਰੀਬ 1250 ਗਜ਼ ਜ਼ਮੀਨ ’ਤੇ ਭੂ-ਮਾਫੀਆ ਨੇ ਕਬਜ਼ਾ ਕਰ ਲਿਆ ਸੀ ਅਤੇ ਇਸ ’ਤੇ ਚਾਰਦੀਵਾਰੀ ਬਣਾ ਦਿੱਤੀ ਸੀ। ਸਥਾਨਕ ਪਿੰਡ ਵਾਸੀਆਂ ਨੇ ਇਸ ਦੀ ਸ਼ਿਕਾਇਤ ਦਿੱਲੀ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਨੂੰ ਕੀਤੀ। ਡਿਵੀਜ਼ਨਲ ਕਮਿਸ਼ਨਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਮੁੱਢਲੀ ਜਾਂਚ ਵਿੱਚ ਪਤਾ ਚੱਲਿਆ ਕਿ ਮਾਲ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਸ ਸਰਕਾਰੀ ਜ਼ਮੀਨ ’ਤੇ ਭੂ-ਮਾਫ਼ੀਆ ਨੇ ਕਬਜ਼ਾ ਕਰ ਲਿਆ ਹੈ ਤੇ ਰਜਿਸਟਰੀ ਵੀ ਕਰਵਾਈ ਗਈ ਹੈ। ਇਹ ਜਾਣਕਾਰੀ ਡੀਡੀਏ ਨੂੰ ਵੀ ਦਿੱਤੀ ਗਈ ਸੀ, ਜਿਸ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਸੀ। ਦੱਖਣੀ ਦਿੱਲੀ ਜ਼ਿਲ੍ਹੇ ਵਿੱਚ ਆਉਣ ਵਾਲੇ ਹੌਜ਼ ਖਾਸ ਸਬ ਡਿਵੀਜ਼ਨ ਦਾ ਰਿਕਾਰਡਰ, ਕਾਨੂੰਨਗੋ ਅਤੇ ਸਬ-ਰਜਿਸਟਰਾਰ ਮੁਅੱਤਲ ਕਰ ਦਿੱਤਾ ਗਿਆ ਹੈ। ਚਿਰਾਗ ਦਿੱਲੀ ਪਿੰਡ, ਸ਼ਾਹਪੁਰ ਜਾਟ ਪਿੰਡ ਜਮਰੌਦਪੁਰ ਸਮੇਤ ਹੋਰ ਇਲਾਕਾ ਨਿਵਾਸੀਆਂ ਵੱਲੋਂ ਵਿਧਾਇਕ ਸੌਰਭ ਭਾਰਦਵਾਜ ਦਾ ਧੰਨਵਾਦ ਕੀਤਾ ਗਿਆ।