ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ’ਤੇ ‘ਆਪ’ ਦੀ ਕੌਮੀ ਤਰਜਮਾਨ ਰੀਨਾ ਗੁਪਤਾ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਰੀਨਾ ਗੁਪਤਾ ਦਾ ਕਹਿਣਾ ਹੈ ਕਿ ਭਾਜਪਾ ਹਮੇਸ਼ਾ ਉਨ੍ਹਾਂ ਨਾਲ ਖੜ੍ਹੀ ਹੈ ਜੋ ਔਰਤਾਂ ਨਾਲ ਬਦਸਲੂਕੀ ਅਤੇ ਸ਼ੋਸ਼ਣ ਕਰਦੇ ਹਨ। ਰੀਨਾ ਗੁਪਤਾ ਨੇ ਪਾਰਟੀ ਹੈੱਡਕੁਆਰਟਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਕ ਨਿਊਜ਼ ਚੈਨਲ ’ਤੇ ਲਾਈਵ ਡਿਬੇਟ ਦੌਰਾਨ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ’ਤੇ ਛੇੜਛਾੜ ਦੀ ਧਮਕੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਬੁੱਧਵਾਰ ਨੂੰ ਇਕ ਚੈਨਲ ’ਤੇ ਬਹਿਸ ਵਿਚ ਸ਼ਾਮਲ ਹੋਈ, ਇਸ ਦੌਰਾਨ ਗੌਰਵ ਭਾਟੀਆ ਨੇ ਉਸ ਨਾਲ ਮਾੜਾ ਵਿਹਾਰ ਕੀਤਾ। ਭਾਜਪਾ ਬੁਲਾਰੇ ਗੌਰਵ ਭਾਟੀਆ ਦੇ ਨਿੱਜੀ ਸੱਕਤਰ ਨੇ ਸ੍ਰੀ ਭਾਟੀਆ ਦੇ ਟੀਵੀ ਚੈਨਲ ਦੀ ਡਿਬੇਟ ’ਚ ਬੈਠੇ ਹੋਣ ਦੀ ਪੁਸ਼ਟੀ ਕੀਤੀ ਹੈ। -ਪੱਤਰ ਪ੍ਰੇਰਕ