ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਦਿੱਲੀ ਸਰਕਾਰ ਵੱਲੋਂ ‘ਵਿਸ਼ੇਸ਼ ਕਰੋਨਾ ਫੀਸ’ ਨੂੰ ਖਤਮ ਕਰਨ ਦੇ ਫ਼ੈਸਲੇ ਤੋਂ ਬਾਅਦ ਬੁੱਧਵਾਰ ਤੋਂ ਸ਼ਰਾਬ ਦਿੱਲੀ ਵਿਚ ਸਸਤੀ ਹੋ ਗਈ ਹੈ, ਫਿਰ ਵੀ ਦਿੱਲੀ ਵਾਸੀਆਂ ਨੂੰ ਕਰੋਨਾਵਾਇਰਸ ਦੇ ਪ੍ਰਕੋਪ ਤੋਂ ਪਹਿਲਾਂ ਦੀ ਤੁਲਨਾ ’ਚ ਉਸ ਤੋਂ ਵੀ ਜ਼ਿਆਦਾ ਪੈਸੇ ਕੱਢਣੇ ਪਏ।
ਇਹ ਦਰਾਂ ਕੋਵਿਡ-19 ਦੇ ਪਹਿਲੇ ਪੱਧਰ ’ਤੇ ਨਹੀਂ ਹੋਣਗੀਆਂ ਕਿਉਂਕਿ ‘ਆਪ’ ਸਰਕਾਰ ਨੇ 10 ਜੂਨ ਤੋਂ ਸ਼ਰਾਬ ਦੀਆਂ ਸਾਰੀਆਂ ਸ਼੍ਰੇਣੀਆਂ ’ਤੇ ‘ਵੈਟ’ ਵਧਾ ਕੇ 20 ਤੋਂ 25% ਕਰ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 8 ਜੂਨ ਨੂੰ ਐਲਾਨ ਕੀਤਾ ਸੀ ਕਿ 10 ਜੂਨ ਤੋਂ ਸ਼ਰਾਬ ਦੀ ਵਿਕਰੀ ’ਤੇ ਵੱਧ ਤੋਂ ਵੱਧ ਪ੍ਰਚੂਨ ਕੀਮਤ ਤੋਂ 70 ਪ੍ਰਤੀਸ਼ਤ ਕਰੋਨਾ ਫੀਸ ਖਤਮ ਕੀਤੀ ਜਾਵੇਗੀ।
ਸ਼ੁਰੂਆਤੀ ਵਾਧੇ ਦੇ ਬਾਵਜੂਦ ਮਈ ਵਿੱਚ ਦਿੱਲੀ ਵਿੱਚ ਸ਼ਰਾਬ ਦੀ ਵਿਕਰੀ ਵਿੱਚ ਭਾਰੀ ਗਿਰਾਵਟ ਆਈ। ਇਸ ਤੋਂ ਬਾਅਦ ਸ਼ਰਾਬ ਨਿਰਮਾਤਾਵਾਂ ਨੇ ਸਰਕਾਰ ਨੂੰ ਲਗਾਇਆ ਗਿਆ 70 ਫ਼ੀਸਦੀ ਕਰੋਨਾ ਮਹਾਂਮਾਰੀ ਸੈੱਸ ਹਟਾਉਣ ਦੀ ਅਪੀਲ ਕੀਤੀ। ਕਈ ਹੋਰ ਰਾਜ ਸਰਕਾਰਾਂ ਨੇ ਪਿਛਲੇ ਮਹੀਨੇ ਸ਼ਰਾਬ ’ਤੇ ਵਾਧੂ ਟੈਕਸ ਲਗਾ ਦਿੱਤਾ ਸੀ, ਜਦੋਂ ਬੰਦ ਦੇ ਤੀਜੇ ਪੜਾਅ ’ਚ ਵਿਕਰੀ ਮੁੜ ਸ਼ੁਰੂ ਹੋਈ ਸੀ।