ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਈ
ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਦੇ ਇਸਤਰੀ ਵਿੰਗ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਗੁਰਦੁਆਰਾ ਸਾਹਿਬ ਨਿਊ ਰਣਜੀਤ ਨਗਰ ਨਵੀਂ ਦਿੱਲੀ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਦਿੱਲੀ ਕਮੇਟੀ ਦੇ ਮੁੱਖ ਆਗੂ ਸ਼ਾਮਲ ਹੋਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਕਾਲੜਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਥਾਨਕ ਸੰਗਤ ਨੇ ਹਾਜ਼ਰੀ ਭਰੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ।
ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਦੋਂ ਪੰਥਕ ਸਰਕਾਰਾਂ ਸੀ, ਉਦੋਂ ਆਪਣੇ ਹੀ ਭਰਾਵਾਂ ਨੂੰ ਅੰਦਰ ਡੱਕਿਆ ਗਿਆ। ਉਨ੍ਹਾਂ ਅਸਿੱਧੇ ਤੌਰ ’ਤੇ ਵਿਰੋਧੀ ਧਿਰ ’ਤੇ ਤਨਜ ਕੱਸਦਿਆਂ ਕਿਹਾ ਕਿ ਜਦੋਂ ਰਾਜਭਾਗ ਨਾ ਰਹੇ ਤਾਂ ਪੰਥ ਦੇ ਮੁੱਦੇ ਯਾਦ ਆ ਗਏ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਬਰਗਾੜੀ ਕਾਂਡ ਤੇ ਹੋਰ ਮੁੱਦਿਆਂ ਬਾਰੇ ਚਰਚਾ ਕੀਤੀ। ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਈ ਬੈਠਕ ਮਗਰੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਦੇ ਇਸਤਰੀ ਵਿੰਗ ਵੱਲੋਂ ਉਕਤ ਸਮਾਗਮ ਕਰਵਾਇਆ ਗਿਆ ਹੈ।