ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਸਰਕਾਰ ਨੇ ਕੋਵਿਡ ਦਿਸ਼ਾ ਨਿਰਦੇਸ਼ਾਂ ’ਤੇ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) ਦੀ ਸਖਤੀ ਨਾਲ ਪਾਲਣਾ ਕਰਦਿਆਂ ਸ਼ਰਧਾਲੂਆਂ ਲਈ ਸ਼ੁੱਕਰਵਾਰ ਤੋਂ ਸ਼ਹਿਰ ‘ਚ ਧਾਰਮਿਕ ਸਥਾਨਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਸ ਸਬੰਧੀ ਦਿੱਲੀ ਆਫਤ ਪ੍ਰਬੰਧਨ ਅਥਾਰਿਟੀ ਨੇ ਬੀਤੇ ਕੱਲ੍ਹ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਜ਼ਿਕਰਯੋਗ ਹੈ ਕਿ ਕੋਵਿਡ ਦੀ ਤੀਜੀ ਲਹਿਰ ਕਾਰਨ ਤਾਲਾਬੰਦੀ ਦੇ ਲਾਗੂ ਹੋਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ‘ਚ ਧਾਰਮਿਕ ਸਥਾਨ 19 ਅਪਰੈਲ ਤੋਂ ਸ਼ਰਧਾਲੂਆਂ ਲਈ ਬੰਦ ਸਨ। ਹਾਲਾਂਕਿ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਦੇ ਆਦੇਸ਼ ਨੇ ਸ਼ਰਧਾਲੂਆਂ ਦੇ ਧਾਰਮਿਕ ਸਥਾਨਾਂ ‘ਚ ਪ੍ਰਵੇਸ਼ ਦੀ ਆਗਿਆ ਦਿੱਤੀ ਸੀ ਪਰ ਵੱਡੇ ਇਕੱਠਾਂ ਦੀ ਪਾਬੰਦੀ ਫਿਲਹਾਲ ਜਾਰੀ ਸੀ। ਜ਼ਿਲ੍ਹਾ ਮੈਜਿਸਟ੍ਰੇਟ ਤੇ ਪੁਲੀਸ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਕੋਵਿਡ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਕੋਵਿਡ -19 ਦੇ ਵਿਰੁੱਧ ਸਾਵਧਾਨੀਆਂ ਨੂੰ ਯਕੀਨੀ ਬਣਾਉਣ ਲਈ ਧਾਰਮਿਕ ਸਥਾਨਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) ਵਿੱਚ ਸਿਰਫ ਲੱਛਣ ਰਹਿਤ ਵਿਅਕਤੀਆਂ ਦੇ ਦਾਖਲੇ ਦੀ ਆਗਿਆ ਦੇਣਾ, ਮਾਸਕ ਦੀ ਵਰਤੋਂ ਸ਼ਾਮਲ ਹੈ। ਇਸ ਵਿੱਚ ਕਿਹਾ ਗਿਆ ਕਿ ਧਾਰਮਿਕ ਸਥਾਨ ਦੇ ਅੰਦਰ ਪ੍ਰਸ਼ਾਦ ਵੰਡਣ ਜਾਂ ਪਵਿੱਤਰ ਪਾਣੀ ਛਿੜਕਣ ਆਦਿ ਦੀ ਕੋਈ ਭੇਟਾ ਦੀ ਆਗਿਆ ਨਹੀਂ ਹੈ। ਸਰੀਰਕ ਦੂਰੀ ਬਣਾਈ ਰੱਖੀ ਜਾਵੇ। ਕਤਾਰਾਂ ‘ਚ ਛੇ ਫੁੱਟ ਦਾ ਵਿੱਥ ਕਾਇਮ ਰੱਖਣਾ ਪੈਣਾ ਤੇ ਸਿਰਫ ਉਨ੍ਹਾਂ ਲੋਕਾਂ ਦੇ ਅੰਦਰ ਜਾਣ ਦੀ ਆਗਿਆ ਹੈ ਜਿਨ੍ਹਾਂ ਦੇ ਚਿਹਰੇ ਦੇ ਮਾਸਕ ਹਨ। ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਭਾਲ ਵਿੱਚ ਇਤਿਹਾਸਕ ਬੰਗਲਾ ਸਾਹਿਬ ਚਾਹੇ ਹੁਣ ਵੀ ਖੁੱਲ੍ਹਾ ਹੈ ਪਰ ਹੁਣ ਦਿੱਲੀ ਦੀ ਐੱਸਡੀਐੱਮ ਦਾ ਉਹ ਹੁਕਮ ਵੀ ਆਪਣੇ ਆਪ ਰੱਦ ਹੋ ਜਾਵੇਗਾ ਜਿਸ ਵਿੱਚ ਗੁਰਦੁਆਰੇ ਨੂੰ ਕੋਰਨਾ ਨੇਮਾਂ ਕਾਰਨ ਬੰਦ ਕਰਨ ਦੀ ਹਦਾਇਤ ਕੀਤੀ ਗਈ ਸੀ।