ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਦਸੰਬਰ
ਅੰਦੋਲਨਕਾਰੀ ਰੈਜ਼ੀਡੈਂਟ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਨੀਟ-ਪੀਜੀ ਕੌਂਸਲਿੰਗ ’ਚ ਦੇਰੀ ਤੇ ਪੁਲੀਸ ਵੱਲੋਂ ਡਾਕਟਰਾਂ ਨਾਲ ਕਥਿਤ ਛੇੜਛਾੜ ਖ਼ਿਲਾਫ਼ ਆਪਣਾ 14 ਦਿਨਾਂ ਦਾ ਦੇਸ਼ਿਵਆਪੀ ਅੰਦੋਲਨ ਵਾਪਸ ਲੈ ਲਿਆ ਹੈ। ਦੁਪਹਿਰ 12 ਵਜੇ ਤੋਂ ਡਾਕਟਰ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ। ਇਹ ਹੜਤਾਲ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਦੇ ਮੈਂਬਰਾਂ ਤੇ ਦਿੱਲੀ ਪੁਲੀਸ ਦੇ ਸੰਯੁਕਤ ਕਮਿਸ਼ਨਰ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਵਾਪਸ ਲਈ ਗਈ। ਕਰੋਨਾ ਵਧਣ ਤੇ ਮਰੀਜ਼ਾਂ ਦੀਆਂ ਪ੍ਰੇਸ਼ਾਨੀਆਂ ਵੀ ਧਿਆਨ ’ਚ ਰੱਖੀਆਂ ਗਈਆਂ।
ਫੋਰਡਾ ਦੇ ਪ੍ਰਧਾਨ ਡਾਕਟਰ ਮਨੀਸ਼ ਨਿਗਮ ਨੇ ਕਿਹਾ, ‘‘ਵੀਰਵਾਰ ਸ਼ਾਮ ਅਸੀਂ ਦਿੱਲੀ ਦੇ ਜੁਆਇੰਟ ਸੀਪੀ ਨੂੰ ਮਿਲੇ। ਦਿੱਲੀ ਪੁਲੀਸ ਨੇ ਐੱਫਆਈਆਰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੰਯੁਕਤ ਸੀਪੀ ਨੇ ਪੁਲੀਸ ਤੇ ਡਾਕਟਰਾਂ ਵਿਚਕਾਰ ਭਰੋਸਾ ਮੁੜ ਬਣਾਉਣ ਲਈ ਇੱਕ ਵੀਡੀਓ ਸੰਦੇਸ਼ ਭੇਜਿਆ ਹੈ।’’ ਫੋਰਡਾ ਨੇ ਕਿਹਾ ਕਿ ਪ੍ਰਤੀਨਿਧੀਆਂ ਦੀ ਇੱਕ ਲੜੀਵਾਰ ਮੀਟਿੰਗ ਦਿੱਲੀ ਪੁਲੀਸ ਦੇ ਕਈ ਅਧਿਕਾਰੀਆਂ ਨਾਲ ਹੋਈ। ਦਿੱਲੀ ਪੁਲੀਸ ਵੱਲੋਂ ਇਹ ਕਿਹਾ ਗਿਆ ਕਿ ਉਹ ਡਾਕਟਰਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਹਨ। ਉਹ ਡਾਕਟਰਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹਨ ਤੇ ਪਹਿਲਾਂ ਵਾਂਗ ਉਹ ਕਿਸੇ ਵੀ ਸਮੇਂ ਕਿਸੇ ਵੀ ਮੁੱਦੇ ਲਈ ਡਾਕਟਰੀ ਭਾਈਚਾਰੇ ਨਾਲ ਸਹਿਯੋਗ ਕਰਨ ਲਈ ਤਿਆਰ ਹਨ। ਨਿਗਮ ਨੇ ਕਿਹਾ ਕਿ ਸਭ ਆਰਡੀਏ ਪ੍ਰਤੀਨਿਧਾਂ ਨਾਲ ਫੋਰਡਾ ਦੀ ਇੱਕ ਵਰਚੁਅਲ ਮੀਟਿੰਗ ਦੇਰ ਸ਼ਾਮ ਬੁਲਾਈ ਗਈ ਸੀ ਜਿਸ ਵਿੱਚ ਸਾਰੀ ਕਾਰਵਾਈ ਦੱਸੀ ਗਈ ਤੇ ਸਾਰੇ ਸਬੰਧਤ ਨੁਕਤਿਆਂ ਬਾਰੇ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। 31 ਦਸੰਬਰ, 2021 ਨੂੰ ਦੁਪਹਿਰ 12.00 ਵਜੇ ਅੰਦੋਲਨ ਨੂੰ ਖਤਮ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਹਾਲਾਂਕਿ ਡਾਕਟਰਾਂ ਦੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਫੋਰਡਾ ਦੁਆਰਾ 6 ਜਨਵਰੀ ਨੂੰ ਆਰਡੀਏ ਦੇ ਸਾਰੇ ਪ੍ਰਤੀਨਿਧੀਆਂ ਨਾਲ ਇੱਕ ਰਾਸ਼ਟਰੀ ਮੀਟਿੰਗ ਬੁਲਾਈ ਜਾਵੇਗੀ। ਕਿਉਂਕਿ ਸਿਹਤ ਮੰਤਰਾਲੇ ਨੇ ਕਮੇਟੀ ਦੀ ਰਿਪੋਰਟ 6 ਜਨਵਰੀ, 2022 ਤੋਂ ਪਹਿਲਾਂ ਸੁਪਰੀਮ ਕੋਰਟ ਨੂੰ ਸੌਂਪਣੀ ਹੈ।