ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਚਲ ਰਹੀਆਂ ਨਿਤਨੇਮ ਜਮਾਤਾਂ ਦੀ ਅੱਜ ਸਮਾਪਤੀ ਹੋਈ। ਇਸ ਮਗਰੋਂ ਗੁਰਦੁਆਰੇ ਦੇ ਪ੍ਰਧਾਨ ਹਰਮਨਜੀਤ ਸਿੰਘ, ਧਰਮ ਪ੍ਰਚਾਰ ਦੇ ਚੇਅਰਮੈਨ ਦਲੀਪ ਸਿੰਘ ਸੇਠੀ, ਗੁਰਮਤਿ ਕੈਂਪ ਦੀ ਆਯੋਜਕ ਬੀਬੀ ਹਰਜੀਤ ਕੌਰ ਵੱਲੋਂ ਗੁਰਮਤਿ ਕੈਂਪ ’ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਹਰਮਨਜੀਤ ਸਿੰਘ ਨੇ ਦੱਸਿਆ ਕਿ ਬੀਬੀ ਹਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ 22 ਸਾਲਾਂ ਤੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਗੁਰਦੁਆਰੇ ਵਿੱਚ ਬੱਚਿਆਂ ਲਈ ਗੁਰਮਤਿ ਕੈਂਪ ਲਗਾ ਕੇ ਨਿਤਨੇਮ ਦੀਆਂ ਬਾਣੀਆਂ, ਸਿੱਖ ਇਤਿਹਾਸ ਨਾਲ ਸਬੰਧਤ ਕਵਿਤਾਵਾਂ ਆਦਿ ਸਿਖਾਏ ਜਾਂਦੇ ਹਨ। ਪਿਛਲੇ 2 ਵਰ੍ਹਿਆਂ ਤੋਂ ਕੋਰੋਨਾ ਮਹਾਮਾਰੀ ਕਾਰਨ ਕੈਂਪ ਨਹੀਂ ਲਗਾਏ ਗਏ ਸਨ। ਇਸ ਵਾਰ ਮੁੜ ਕੈਂਪ ਲਗਾਏ ਗਏ ਜਿਸ ਵਿੱਚ ਸੈਂਕੜੇ ਬੱਚਿਆਂ ਨੇ ਹਿੱਸਾ ਲੈ ਕੇ ਗੁਰਬਾਣੀ ਅਤੇ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੇ ਗੁਰਬਾਣੀ ਕੰਠ ਸੁਣਾਈ ਉਨ੍ਹਾਂ ਨੂੰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖ ਕੌਮ ਦੀ ਨਵੀਂ ਪਨੀਰੀ ਨੂੰ ਗੁਰ ਇਤਿਹਾਸ ਦੇ ਨਾਲ-ਨਾਲ ਗੁਰਬਾਣੀ ਦੀ ਸਿੱਖਿਆ ਵੀ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਹੋਰਨਾਂ ਬੱਚਿਆਂ ਨੂੰ ਅਜਿਹੇ ਕੈਂਪਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।