ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਨਵੰਬਰ
ਇਥੇ ਟਿਕਰੀ ਹੱਦ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੱਛਮੀ ਬੰਗਾਲ ਦੇ ਤਿਭਗਾ ਤੋਂ ਆਏ ਕਿਸਾਨਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂਦੇ ਝੰਡਾ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਐੱਮਐੱਸਪੀ ਤੇ ਸਰਕਾਰੀ ਖ਼ਰੀਦ ਦੀ ਗਰੰਟੀ ,ਅੰਦੋਲਨ ਦੌਰਾਨ ਪਾਏ ਕੇਸਾਂ ਦੀ ਵਾਪਸੀ ਸਮੇਤ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਤੱਕ ਸੰਘਰਸ਼ ਜਾਰੀ ਰਹੇਗਾ। ਤੀਰਥ ਸਿੰਘ ਚੜਿੱਕ ਦੀ ਨਿਰਦੇਸ਼ਨਾ ਹੇਠ ਸ਼ਹੀਦ ਭਗਤ ਸਿੰਘ ਕਲਾ ਮੰਚ ਵੱਲੋਂ ‘ਇਹ ਦੇਸ਼ ਕਿਸੇ ਦਾ ਬਾਪ ਦਾ ਨਹੀਂ’ ਨਾਟਕ ਪੇਸ਼ ਕੀਤਾ ਗਿਆ ਅਤੇ ਫਗਵਾੜਾ ਕਲਾ ਮੰਚ ਰੰਗਮੰਚ ਵੱਲੋਂ ‘ਮਸ਼ਾਲਾਂ ਬਾਲ ਕੇ ਰੱਖਣਾ’ ਕੋਰੀਓਗ੍ਰਾਫੀ ਪੇਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੋਰਚੇ ਨੇ ਜਥੇਬੰਦੀ ਦੇ ਵਧਾਰੇ ਪਸਾਰੇ ਅਤੇ ਕਿਸਾਨਾਂ ਦੀ ਚੇਤਨਾ ਵਿੱਚ ਬਹੁਤ ਵੱਡਾ ਵਾਧਾ ਕੀਤਾ ਹੈ। ਕਿਰਤੀ ਲੋਕਾਂ ਦਾ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੇ ਏਕੇ ਅਤੇ ਸੰਘਰਸ਼ ਰਾਹੀਂ ਮਸਲੇ ਹੱਲ ਹੋਣ ਦਾ ਭਰੋਸਾ ਬੱਝਾ ਹੈ ਪਰ ਹਾਲੇ ਵੀ ਲੰਮੇ ਸਮੇਂ ਤੋਂ ਵੋਟ ਪਾਰਟੀਆਂ ਨੇ ਝੂਠੇ ਪ੍ਰਚਾਰ ਵਿੱਚ ਲੋਕ ਕੀਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਹਾਲੇ ਇਹਨਾਂ ਲੋਕਾਂ ਨੂੰ ਦੋ ਹਜ਼ਾਰ ਅਠਾਰਾਂ ਤੱਕ ਵੋਟ ਪਾਰਟੀਆਂ ਦਾ ਕਿਰਦਾਰ ਨੰਗਾ ਕਰ ਕੇ ਸੁਚੇਤ ਕਰਨ ਦੀ ਲੋੜ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ’ਚ ਚੋਣਾਂ ਦਾ ਮਾਹੌਲ ਭਖਣਾ। ਇਸ ਮਾਹੌਲ ਦੌਰਾਨ ਵੋਟ ਪਾਰਟੀਆਂ ਦੇ ਗੁਮਰਾਹਕੁਨ ਪ੍ਰਚਾਰ ਤੋਂ ਬਚ ਕੇ ਹੋਰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਲੱਖਾਂ ਕਰੋੜਾਂ ਦੀਆਂ ਰਿਆਇਤਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਗਈਆਂ ਹਨ ਉਸ ਨਾਲ ਕਈ ਸਾਲਾਂ ਤੱਕ ਲੋਕਾਂ ਨੂੰ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤ ਦਿੱਤੀ ਜਾ ਸਕਦੀ ਹੈ। ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਪੱਛਮੀ ਬੰਗਾਲ ਤੋਂ ਆਏ ਕਿਸਾਨਾਂ ਅਤੇ ਵਿਦਿਆਰਥੀਆਂ ਵੱਲੋਂ ਤਿਭਾਗਾ ਘੋਲ ਦੇ ਸ਼ਹੀਦਾਂ ਦੀ ਖ਼ੂਨ ਨਾਲ ਲਿਆਂਦੀ ਸਿੰਜੀ ਮਿੱਟੀ ਨੂੰ ਸਲਾਮ ਕਰਦਿਆਂ ਕਿਹਾ ਕਿ 1950 ਤਿਭਾਗਾ ਘੋਲ ਵਿੱਚ ਕਿਸਾਨਾਂ ਨੇ ਬਹੁਤ ਵੱਡਾ ਸੰਘਰਸ਼ ਲੜਿਆ ਗਿਆ ਸੀ, ਜਿਸ ਵਿੱਚ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਗ਼ਰੀਬ ਕਿਸਾਨਾਂ ਚ ਵੰਡੀਆਂ ਸਨ ਤੇ ਵੱਡੀ ਪੱਧਰ ’ਤੇ ਕਿਸਾਨਾਂ ਦੀਆਂ ਕੁਰਬਾਨੀਆਂ ਹੋਈਆਂ ਸਨ । ਪੱਛਮੀ ਬੰਗਾਲ ਤੋਂ ਆਏ ਵਿਦਿਆਰਥੀ ਆਗੂ ਜੈ ਚੰਦ ਸੜੀਆ ਨੇ ਕਿਸਾਨ ਘੋਲ ਨਾਲ ਇਕਜੁੱਟਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਸੰਘਰਸ਼ੀ ਏਕਤਾ ਨੂੰ ਹੋਰ ਗੂੜ੍ਹਾ ਕੀਤਾ ਜਾਵੇ।