ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੁਲਾਈ
ਦਿੱਲੀ ਪੁਲੀਸ ਨੇ ਇਕ ਰੈਸਤਰਾਂ ਮਾਲਕ ਤੇ ਉਸ ਦੇ ਭਰਾ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਤੇ ਸਮਾਜਿਕ ਇਕੱਠ ਕਰਨ ਲਈ ਗ੍ਰਿਫਤਾਰ ਹੈ ਅਤੇ ਬਾਹਰਲੀ ਦਿੱਲੀ ਦੇ ਪੱਛਮ ਵਿਹਾਰ ਵਿੱਚ ਬਿਨਾਂ ਲਾਇਸੈਂਸ ਦੇ ਗਾਹਕਾਂ ਨੂੰ ਸ਼ਰਾਬ ਪਰੋਸੀ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਪਲੇਗਯੂ ਰੈਸਟੋਰੈਂਟ ਵਿੱਚ ਛਾਪਾ ਮਾਰਿਆ, ਜਿਸ ਮਗਰੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ। ਡਿਪਟੀ ਕਮਿਸ਼ਨਰ ਆਫ ਪੁਲੀਸ (ਬਾਹਰੀ) ਏ ਕੋਆਨ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਲਈ ਸੱਤ ਔਰਤਾਂ ਸਣੇ 31 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਉਹ ਸ਼ਰਾਬ ਪੀਂਦੇ, ਹੁੱਕਾ ਪੀਂਦੇ ਤੇ ਨੱਚਦੇ ਪਾਏ ਗਏ। ਰੈਸਟੋਰੈਂਟ ’ਚ ਬਿਨਾਂ ਕਿਸੇ ਲਾਇਸੈਂਸ ਦੇ ਸ਼ਰਾਬ ਤੇ ਬੀਅਰ ਪਰੋਸੀ ਜਾ ਰਹੀ ਸੀ। ਪੁਲੀਸ ਅਨੁਸਾਰ ਲਵਿਸ਼ ਖੁਰਾਣਾ ਤੇ ਉਸ ਦੇ ਭਰਾ ਕਸ਼ਿਸ਼ ਖੁਰਾਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।