ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਨਵੰਬਰ
ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਸੁਪਰੀਮ ਕੋਰਟ, ਕੌਮੀ ਗ੍ਰੀਨ ਟ੍ਰਿਬਿਊਨਲ ਤੇ ਸਥਾਨਕ ਸਰਕਾਰਾਂ/ਪ੍ਰਸ਼ਾਸਨ ਦੇ ਪਟਾਕੇ ਨਾ ਚਲਾਉਣ ਦੇ ਹੁਕਮਾਂ ’ਤੇ ਹਦਾਇਤਾਂ ਦੇ ਬਾਵਜੂਦ ਦੀਵਾਲੀ ਵਾਲੇ ਦਿਨ ਅਤੇ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਗਈ, ਜਿਸ ਕਾਰਨ ਇਸ ਖੇਤਰ ਵਿੱਚ ਹਵਾ ਹੋਰ ਪ੍ਰਦੂਸ਼ਿਤ ਹੋ ਗਈ ਹੈ। ਹਾਲਾਂਕਿ ਸ਼ਾਮ ਨੂੰ ਇਸ ਖਿੱਤੇ ਵਿੱਚ ਮੀਂਹ ਦੇ ਛਰਾਟੇ ਪੈਣ ਕਾਰਨ ਪ੍ਰਦੂਸ਼ਣ ਤੋਂ ਰਾਹਤ ਮਿਲੀ ਤੇ ਮੌਸਮ ਜ਼ਰੂਰ ਠੰਢਾ ਹੋ ਗਿਆ। ਨੋਇਡਾ (466 ਏਕਿਊਆਈ), ਗ੍ਰੇਟਰ ਨੋਇਡਾ(439), ਫਰੀਦਾਬਾਦ (438), ਗੁਰੂਗ੍ਰਾਮ, ਗਾਜ਼ੀਆਬਾਦ (483), ਬੱਲਭਗੜ੍ਹ ਤੇ ਪਲਵਲ ਤਕ ਪ੍ਰਦਸ਼ੂਣ ਬਹੁਤ ਗੰਭੀਰ ਹਾਲਤ ਵਿੱਚ ਪੁੱਜ ਗਿਆ। ਹਵਾ ਦੀ ਸ਼ੁੱਧਤਾ ਮਾਪਣ ਵਾਲੀ ਸੰਸਥਾ ‘ਸਫਰ’ ਮੁਤਾਬਕ ਸਵੇਰੇ ਐਤਵਾਰ ਨੂੰ ਹਵਾ ਗੁਣਵੱਤਾ ਸੂਚਕ (ਏਕਿਊਆਈ) 545 ਸੀ ਤੇ ਸ਼ਾਮ ਤੱਕ 490 ਉਪਰ ਆ ਗਿਆ। ਸਾਰਾ ਦਿਨ ਇਸ ਇਲਾਕੇ ਦੇ ਅਸਮਾਨ ਉਪਰ ਧੁੰਦਲਾਪਣ ਛਾਇਆ ਰਿਹਾ। ਪੀਐੱਮ 2.5 ਤੇ ਪੀਐੱਮ 10 ਦੀ ਹਾਲਤ ਬਦਤਰ ਰਹੀ।
ਲੋਕਾਂ ਨੇ ਦੀਵਾਲੀ ਦੀ ਰਾਤ ਤੇ ਅਗਲੇ ਦਿਨ ਖ਼ੂਬ ਆਤਿਸ਼ਬਾਜ਼ੀ ਕੀਤੀ। ਦਿੱਲੀ ਵਿੱਚ ਦੀਵਾਲੀ ਵਾਲੇ ਦਿਨ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ 205 ਫੋਨ ਕਾਲਾਂ ਆਈਆਂ। ਦੀਵਾਲੀ ਦੀ ਸ਼ਾਮ 6 ਵਜੇ ਤੋਂ ਰਾਤ 11.58 ਵਜੇ ਤਕ 129 ਫੋਨ ਅੱਗ ਲੱਗਣ ਬਾਰੇ ਆਏ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁੱਲ ਗਰਗ ਨੇ ਕਿਹਾ ਕਿ ਰਾਤ 11.5 ਵਜੇ ਮੁੰਡਕਾ ਇਲਾਕੇ ਵਿੱਚ ਮੈਟਰੋ ਖੰਭਾ ਨੰਬਰ 483 ਨੇੜੇ ਅੱਗ ਲੱਗਣ ਦਾ ਪਤਾ ਲੱਗਾ ਜਿਸ ਵਿੱਚ ਇਕ ਵਿਅਕਤੀ ਰਾਮ ਕੇਸ਼ ਸੋਨੀ (28 ਸਾਲ) ਦੀ ਮੌਤ ਹੋ ਗਈ ਜਦੋਂਕਿ ਸਾਥੀ ਅਦਿੱਤਿਆ 20 ਸਾਲ ਜ਼ਖ਼ਮੀ ਹੋ ਗਿਆ। ਇਹ ਲੋਕ ਗੋਦਾਮ ਵਿੱਚ ਸੁੱਤੇ ਪਏ ਸਨ ਕਿ ਉੱਥੇ ਅੱਗ ਭੜਕ ਪਈ। ਬੀਤੇ ਸਾਲ 245 ਫੋਨ ਕਾਲਾਂ ਦੀਵਾਲੀ ਦੀ ਰਾਤ ਆਈਆਂ ਸਨ।
ਸ਼ਾਹਬਾਦ ਮਾਰਕੰਡਾ (ਸਤਨਾਮ ਿਸੰਘ):
ਦੀਵਾਲੀ ਮੌਕੇ ਪਟਾਕਿਆਂ ਦੀ ਖ਼ਰੀਦ/ਵੇਚ ’ਤੇ ਪਾਬੰਦੀ ਹੋਣ ਦੇ ਬਾਵਜੂਦ ਲੋਕਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ। ਦੀਵਾਲੀ ਵਾਲੀ ਰਾਤ ਲੋਕਾਂ ਬਿਨਾਂ ਭੈਅ ਦੇ ਖ਼ੂਬ ਆਤਿਸ਼ਬਾਜ਼ੀ ਕੀਤੀ। ਭਾਵੇਂ ਪ੍ਰਸ਼ਾਸਨ ਪਟਾਕਿਆਂ ਦੀ ਵਿਕਰੀ ਕੋਈ ਥਾਂ ਨਿਰਧਾਰਤ ਨਹੀਂ ਸੀ, ਪਰ ਕਈ ਦੁਕਾਨਾਂ ’ਤੇ ਬਿਨਾਂ ਡਰ ਭੈਅ ਦੇ ਪਟਾਕੇ ਵੇਚੇ ਜਾ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਵਿਆਹਾਂ ’ਤੇ ਆਮ ਆਤਿਸ਼ਬਾਜੀ ਹੁੰਦੀ ਹੈ ਤਾਂ ਪਵਿੱਤਰ ਤਿਉਹਾਰ ’ਤੇ ਕਿਉਂ ਨਹੀਂ ਕੀਤੀ ਜਾ ਸਕਦੀ।
ਪਟਾਕੇ ਵੇਚਣ ਤੇ ਚਲਾਉਣ ਦੇ ਦੋਸ਼ ਹੇਠ 850 ਜਣੇ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਪਟਾਕੇ ਵੇਚਣ ਅਤੇ ਚਲਾਉਣ ਦੇ ਦੋਸ਼ ਹੇਠ 850 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 1314.42 ਕਿਲੋ ਪਟਾਕੇ ਬਰਾਮਦ ਕੀਤੇ ਗਏ। ਇਨ੍ਹਾਂ ਪਟਾਕਿਆਂ ਬਾਰੇ ਮਨਜ਼ੂਰੀ ਨਹੀਂ ਲਈ ਗਈ ਸੀ। ਸਭ ਤੋਂ ਵੱਧ ਲੋਕ ਤੇ ਮੁਕੱਦਮੇ ਬਾਹਰੀ-ਉੱਤਰੀ ਇਲਾਕੇ ਵਿੱਚ ਦਰਜ ਕੀਤੇ ਗਏ, ਜਿੱਥੇ 165 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਭ ਤੋਂ ਜ਼ਿਆਦਾ ਪਾਬੰਦੀਸ਼ੁਦਾ ਪਟਾਕੇ ਬਾਹਰੀ ਦਿੱਲੀ ਵਿੱਚ 286.20 ਕਿਲੋ ਬਰਾਮਦ ਕੀਤੇ ਗਏ। ਨਵੀਂ ਦਿੱਲੀ ਵਿੱਚ 17 ਮਾਮਲੇ ਦਰਜ ਕੀਤੇ ਗਏ ਤੇ 10 ਲੋਕ (ਸਭ ਤੋਂ ਘੱਟ) ਗ੍ਰਿਫ਼ਤਾਰ ਕੀਤੇ ਗਏ ਅਤੇ 47 ਗ੍ਰਾਮ ਪਟਾਕੇ ਬਰਾਮਦ ਕੀਤੇ ਗਏ। ਪਟਾਕਿਆਂ ਦੀ ਬਹੁਤੀ ਵਰਤੋਂ ਦਿੱਲੀ ਦੇ ਹਰਿਆਣਾ ਨਾਲ ਲੱਗਦੇ ਇਲਾਕਿਆਂ ਵਿੱਚ ਹੋਈ ਜਿੱਥੇ ਹਰਿਆਣਾ ਤੋਂ ਚੋਰੀ ਪਟਾਕੇ ਲਿਆ ਕੇ ਚਲਾਏ ਗਏ। ਇਹੀ ਹਾਲ ਫਰੀਦਾਬਾਦ, ਗੁਰੂਗ੍ਰਾਮ ਤੇ ਨੋਇਡਾ ਵੀ ਰਿਹਾ ਜਿੱਥੇ ਖ਼ੂਬ ਪਟਾਕੇ ਚਲਾਏ ਗਏ।