ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ ਲਾਇਆ ਗਿਆ ਕਿ ਉਸ ਦੇ ਅਧੀਨ ਚਲਦੇ ਗੁਰਮਤਿ ਕਾਲਜ (ਮਾਤਾ ਸੁੰਦਰੀ ਗੁਰਦੁਆਰਾ ਕੰਪਲੈਕਸ) ਵਿੱਚ ਕੁੱਝ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਤੇ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਦੇ ਨਾਂ ਦੀ ਲੱਗੀ ਤਖ਼ਤੀ ਪੁੱਟ ਦਿੱਤੀ ਗਈ। ਨੌਜਵਾਨ ਤਿਲਕ ਨਗਰ ਇਲਾਕੇ ਦੇ ਦੱਸੇ ਜਾ ਰਹੇ ਹਨ ਜੋ ਚੇਅਰਮੈਨ ਦੀ ਵੀਡੀਓ ਨੂੰ ਲੈ ਕੇ ਇਤਰਾਜ਼ ਕਰਨ ਕਾਲਜ ਦੇ ਦਫ਼ਤਰ ਪੁੱਜੇ। ਵੀਡੀਓ ਜਿਸ ਵਿੱਚ ਅੰਮ੍ਰਿਤ ਨੂੰ ਪਾਣੀ ਆਖੇ ਜਾਣ ਤੋਂ ਦਿੱਲੀ ਦੇ ਕੁੱਝ ਨੌਜਵਾਨਾਂ ਦਾ ਜੱਥਾ ਦਫ਼ਤਰ ਵਿੱਚ ਪੁੱਜਿਆ ਜਿੱਥੇ ਉਨ੍ਹਾਂ ਦੀ ਚੇਅਰਮੈਨ ਨਾਲ ਬਹਿਸ ਵੀ ਹੋਈ। ਵਿਵਾਦ ਉੱਦੋਂ ਉੱਠਿਆ ਜਦੋਂ ਕੁੱਝ ਨੌਜਵਾਨਾਂ ਨੇ ਚੇਅਰਮੈਨ ਦੀ ਵੀਡੀਓ ਜਿਸ ਵਿੱਚ ਅੰਮ੍ਰਿਤ ਨੂੰ ਪਾਣੀ ਆਖੇ ਜਾਣ ਉਪਰ ਇਤਰਾਜ਼ ਪ੍ਰਗਟਾਇਆ ਤੇ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਪਹੁੰਚਦਾ ਕਰਨ ਦੀ ਮੰਗ ਕੀਤੀ। ਚੇਅਰਮੈਨ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਬਾਬਤ ਦਿੱਲੀ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਹੈ। ਦੂਜੇ ਪਾਸੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੋਸ਼ ਲਾਇਆ ਕਿ ਕੁੱਝ ਹੁਲੱੜਬਾਜ਼ਾਂ ਨੇ ਕਾਲਜ ਵਿੱਚ ਪੁੱਜ ਕੇ ਚੇਅਰਮੈਨ ਨਾਲ ਕਥਿਤ ਦੁਰਵਿਹਾਰ ਕੀਤਾ ਤੇ ਉਨ੍ਹਾਂ ਦੇ ਨਾਂ ਦੀ ਤਖ਼ਤੀ ਵੀ ਲਾਹ ਦਿੱਤੀ। ਦੋਨਾਂ ਆਗੂਆਂ ਨੇ ਕਿਹਾ ਕਿ ਕਮੇਟੀ ਚੇਅਰਮੈਨ ਦੇ ਨਾਲ ਖੜ੍ਹੀ ਹੈ।