ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਦਿੱਲੀ ਤੇ ਐੱਨਸੀਆਰ ਵਿੱਚ ਕੰਪਰੈੱਸਡ ਨੈਚੁਰਲ ਗੈਸ (ਸੀਐੱਨਜੀ) ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਐਤਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਦਿੱਲੀ ਵਿੱਚ ਸੀਐੱਨਜੀ ਦੀ ਕੀਮਤ 73.61 ਰੁਪਏ ਪ੍ਰਤੀ ਕਿਲੋ, ਨੋਇਡਾ ਵਿੱਚ 76.17 ਰੁਪਏ ਪ੍ਰਤੀ ਕਿਲੋ ਤੇ ਗੁਰੂਗ੍ਰਾਮ ਵਿੱਚ 81.94 ਰੁਪਏ ਪ੍ਰਤੀ ਕਿਲੋ ਹੈ। ਰੇਵਾੜੀ ਵਿੱਚ ਸੀਐੱਨਜੀ 84.07 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਿਟੇਲ ਹੋ ਰਹੀ ਹੈ, ਕਰਨਾਲ ਤੇ ਕੈਥਲ ਵਿੱਚ 82.27 ਰੁਪਏ ਪ੍ਰਤੀ ਕਿਲੋ, ਵਾਧੇ ਤੋਂ ਬਾਅਦ ਕਾਨਪੁਰ, ਹਮੀਰਪੁਰ ਤੇ ਫਤਿਹਪੁਰ ਵਿੱਚ 85.40 ਰੁਪਏ ਅਤੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ 83.88 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਭਾਅ ਵਧਣ ਕਾਰਨ ਆਟੋ ਚਾਲਕ ਪ੍ਰੇਸ਼ਾਨ
ਦਿੱਲੀ ਵਿੱਚ ਸੀਐੱਨਜੀ ਦੀ ਕੀਮਤ ਵਿੱਚ ਕੀਤੇ ਗਏ ਵਾਧੇ ਤੋਂ ਆਟੋ ਚਾਲਕ ਖਾਸੇ ਪ੍ਰੇਸ਼ਾਨ ਹਨ ਤੇ ਉਹ ਸਰਕਾਰਾਂ ਨੂੰ ਕੋਸ ਰਹੇ ਹਨ। ਕਈ ਆਟੋ ਵਾਲਿਆਂ ਨੇ ਦੱਸਿਆ ਕਿ ਆਏ ਦਿਨ ਸੀਐੱਨਜੀ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਤੋਂ ਉਹ ਪ੍ਰੇਸ਼ਾਨ ਹਨ ਕਿਉਂਕਿ ਪਹਿਲਾਂ ਦੀ ਆਰਥਿਕ ਪੱਖੋਂ ਝੰਬੇ ਲੋਕਾਂ ਦੀਆਂ ਜੇਬਾਂ ਵਿੱਚ ਪੈਸੇ ਦੀ ਕਮੀ ਹੋਣ ਕਰਕੇ ਉਹ ਆਟੋ ਜਾਂ ਟੈਕਸੀ ਦੀ ਸਵਾਰੀ ਮਜਬੂਰੀ ਵਿੱਚ ਹੀ ਲੈਂਦੇ ਹਨ। ਮਹਿੰਗਾਈ ਨੇ ਹਰ ਵਰਗ ਨੂੰ ਪ੍ਰੇਸ਼ਾਨ ਕੀਤਾ ਹੈ ਜਿਸ ਕਾਰਨ ਆਟੋ/ਟੈਕਸੀ/ਕੈਬ ਵਾਲੇ ਦੁੱਖੀ ਹਨ। ਕਨਾਟ ਪੈਲੇਸ ਦੇ ਆਟੋ ਚਾਲਕ ਨੇ ਦੱਸਿਆ ਕਿ ਬਾਜ਼ਾਰ ਵਿੱਚ ਸਵਾਰੀਆਂ ਘੱਟ ਮਿਲਦੀਆਂ ਹਨ ਤੇ ਗੱਡੀਆਂ ਦੀਆਂ ਕਿਸ਼ਤਾਂ ਭਰਨੀਆਂ ਮੁਸ਼ਕਲ ਹੋ ਰਹੀਆਂ ਹਨ।