ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਪੰਜਾਬ ਵਿੱਚ ਸਿੱਖ ਪਰਿਵਾਰਾਂ ਵੱਲੋਂ ਧਰਮ ਬਦਲੀ ਦੇ ਵਧਦੇ ਮਾਮਲਿਆਂ ’ਤੇ ਠੱਲ੍ਹ ਪਾਉਣ ਦੇ ਟੀਚੇ ਨਾਲ ‘ਧਰਮ ਜਾਗਰੂਕਤਾ ਲਹਿਰ’ ਆਰੰਭ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਨੂੰ ਅੱਜ ਉਤਰ ਪ੍ਰਦੇਸ਼ ’ਚ ਵੱਡੀ ਸਫ਼ਲਤਾ ਮਿਲੀ। ਅੱਜ ਖਾਲਸਾ ਹੈਲਪ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਆਕਸੀਜਨ ਮੈਨ ਦੇ ਨਾਂ ਨਾਲ ਮਸ਼ਹੂਰ ਹੋਏ ਇੰਦਰਾਪੁਰਮ ਗੁਰਦੁਆਰੇ ਦੇ ਪ੍ਰਧਾਨ ਤੇ ਗਾਜ਼ੀਆਬਾਦ ਦੀ ਸਿੱਖ ਸ਼ਖਸੀਅਤ ਗੁਰਪ੍ਰੀਤ ਸਿੰਘ ਰੰਮੀ ਆਪਣੇ ਸਾਥੀਆਂ ਸਣੇ ਪਾਰਟੀ ’ਚ ਸ਼ਾਮਲ ਹੋ ਗਏ । ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸਰਪ੍ਰਸਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਐੱਮਪੀਐੱਸ ਚੱਢਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਸਿਰੋਪਾਓ ਭੇਟ ਕਰਕੇ ਗੁਰਪ੍ਰੀਤ ਸਿੰਘ ਰੰਮੀ ਨੂੰ ਆਪਣੀ ਪਾਰਟੀ ’ਚ ਰਸਮੀ ਤੌਰ ’ਤੇ ਸ਼ਾਮਲ ਕਰਦੇ ਹੋਏ ਉਨ੍ਹਾਂ ਨੂੰ ਪੱਛਮੀ ਉਤਰ ਪ੍ਰਦੇਸ਼ ’ਚ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਇਸ ਮੌਕੇ ਖਾਲਸਾ ਹੈਲਪ ਇੰਟਰਨੈਸ਼ਨਲ ਦੀ ਬੁੱਕਲੇਟ ਦੀ ਘੁੰਡ ਚੁਕਾਈ ਵੀ ਕੀਤੀ ਗਈ। ਇਸ ’ਚ ਸੰਸਥਾ ਵੱਲੋਂ ਅੱਜ ਤਕ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਦਾ ਵੇਰਵਾ ਹੈ । ਗਾਜ਼ੀਆਬਾਦ ਦੇ ਵਸੂੰਧਰਾ ’ਚ ਵਾਈਟ ਰੋਜ ਬੈਂਕੁਇਟ ਹਾਲ ’ਚ ਕਰਵਾਏ ਗਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ‘ਪਾਰਟੀ ਮਿਲਣੀ ਸਮਾਰੋਹ’ ਵਿੱਚ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਭਾਰੀ ਕਿੱਲਤ ਹੋਈ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਦਰਾਪੁਰਮ ਗੁਰਦੁਆਰੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰੰਮੀ ਨੇ ਬਿਨਾਂ ਕੋਈ ਭੇਦਭਾਵ ਦੇ ‘ਮੁਫ਼ਤ ਆਕਸੀਜਨ ਲੰਗਰ’ ਲਾਇਆ ਸੀ। ਇਸ ਉਪਰਾਲੇ ਕਾਰਨ ਰੰਮੀ ਨੂੰ ਦੇਸ਼-ਵਿਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ ।