ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਸਤੰਬਰ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਬੁੱਧਵਾਰ ਨੂੰ ਖਾਦੀ ਘੁਟਾਲੇ ਦੇ ਦਾਅਵਿਆਂ ਨੂੰ ਲੈ ਕੇ ਦਿੱਲੀ ਦੇ ਉਪ ਰਾਜਪਾਲ (ਐੱਲਜੀ) ਵੀ.ਕੇ. ਸਕਸੈਨਾ ਦੁਆਰਾ ਦਿੱਤੇ ਮਾਣਹਾਨੀ ਨੋਟਿਸ ਨੂੰ ਪਾੜ ਦਿੱਤਾ। ‘ਆਪ’ ਤੇ ਐੱਲ-ਜੀ ਦਰਮਿਆਨ ਚੱਲ ਰਹੀ ਤਕਰਾਰ ਦੀ ਇਹ ਸੱਜਰੀ ਉਦਾਹਰਨ ਹੈ। ‘ਆਪ’ ਅਨੁਸਾਰ ਕੇਂਦਰ ਸਰਕਾਰ ਦੁਆਰਾ ਚੁਣੇ ਗਏ ਉਪ ਰਾਜਪਾਲ ਕੇਂਦਰ ਦੀ ਸੱਤਾਧਾਰੀ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦੇਸ਼ਾਂ ’ਤੇ ‘ਸਿਆਸੀ ਬਦਲਾਖੋਰੀ’ ਕਰ ਰਹੇ ਹਨ। ਸੰਜੇ ਸਿੰਘ ਨੇ ਕੈਮਰੇ ਸਾਹਮਣੇ ਉਪ ਰਾਜਪਾਲ ਦਾ ਮਾਣਹਾਨੀ ਨੋਟਿਸ ਪਾੜਿਆ ਤੇ ਇਸ ਤੋਂ ਪਹਿਲਾਂ ਕਿਹਾ, ‘‘ਰਾਜ ਸਭਾ ਮੈਂਬਰ ਹੋਣ ਦੇ ਨਾਤੇ ਮੇਰੇ ਕੋਲ ਸੱਚ ਬੋਲਣ ਦਾ ਅਧਿਕਾਰ ਹੈ। ਮੈਂ ਕਿਸੇ ਚੋਰ ਜਾਂ ਟੇਢੇ ਵਿਅਕਤੀ ਦੁਆਰਾ ਦਿੱਤੀਆਂ ਗਈਆਂ ਕਾਨੂੰਨੀ ਨੋਟਿਸਾਂ ਤੋਂ ਨਹੀਂ ਡਰਦਾ, ਐੱਲ-ਜੀ ਨੇ 2.5 ਲੱਖ ਕਾਰੀਗਰਾਂ ਦਾ ਪੈਸਾ ਚੋਰੀ ਕੀਤਾ। ਜਦੋਂ ਅਸੀਂ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦੇ ਹਾਂ ਤਾਂ ਉਹ ਕਾਨੂੰਨੀ ਨੋਟਿਸ ਜਾਰੀ ਕਰਦੇ ਹਨ। ਐੱਲ-ਜੀ ਸਕਸੈਨਾ ਦੀ ਸੀਬੀਆਈ, ਈਡੀ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਲੁੱਟਿਆ ਪੈਸਾ ਕਿੱਥੇ ਗਿਆ।’’ ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਂ ਅਜਿਹੇ ਨੋਟਿਸਾਂ ਨੂੰ ਦਸ ਵਾਰ ਪਾੜ ਸਕਦਾ ਹਾਂ ਅਤੇ ਰੱਦ ਕਰ ਸਕਦਾ ਹਾਂ।’’ ਦੱਸਣਯੋਗ ਹੈ ਕਿ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਸੋਮਵਾਰ ਨੂੰ ਆਤਿਸ਼ੀ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ, ਸੰਜੇ ਸਿੰਘ ਤੇ ਜੈਸਮੀਨ ਸ਼ਾਹ ਸਣੇ ‘ਆਪ’ ਨੇਤਾਵਾਂ ਨੂੰ ਉਨ੍ਹਾਂ (ਸਕਸੈਨਾ) ’ਤੇ ‘‘ਅਪਮਾਨਜਨਕ ਅਤੇ ਬਦਨਾਮ’’ ਦੋਸ਼ ਲਾਉਣ ਖ਼ਿਲਾਫ਼ ਕਾਨੂੰਨੀ ਨੋਟਿਸ ਜਾਰੀ ਕੀਤਾ ਸੀ।