ਨਵੀਂ ਦਿੱਲੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਿਰੋਧੀਆਂ ਨੂੰ ਨਾਲ ਲਿਆਉਣ ਦੀ ਪ੍ਰਕਿਰਿਆ ਵਿਚ ਲੱਗੇ ਹੋਏ ਹਨ। ਸਰਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਜਾਗੋ ਪਾਰਟੀ ਦਾ ਵੀ ਸਮਰਥਨ ਹੈ। ਇਸ ਗਣਿਤ ਅਨੁਸਾਰ ਅੰਕੜਾ 19-20 ਪਹੁੰਚਦਾ ਹੈ। ਕੁਝ ਮੈਂਬਰਾਂ ਨੂੰ ਆਪਸ਼ਨ ਜ਼ਰੀਏ ਚੁਣਿਆ ਜਾਂਦਾ ਹੈ ਜਿਸ ਵਿਚ ਸਰਨਾ ਨੇ ਦੋ ਤਿੰਨ ਸੀਟਾਂ ਲੈਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਗਿਣਤੀ 22-23 ਪਹੁੰਚ ਜਾਵੇਗੀ, ਇਹ ਚੋਣਾਂ ਕਈ ਮਾਮਲਿਆਂ ਵਿਚ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਰਵਿੰਦਰ ਸਿੰਘ ਸਰਨਾ ਤੋਂ ਮਾਤ ਮਿਲੀ ਹੈ ਤੇ ਉਨ੍ਹਾਂ ਦੇ ਦੁਬਾਰਾ ਪ੍ਰਧਾਨ ਬਣਨ ਉੱਤੇ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ। ਸ੍ਰੀ ਸਰਨਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ 60 ਫੀਸਦੀ ਜ਼ਿਆਦਾ ਵੋਟ ਪਏ ਹਨ ਜੋ ਵੱਡੀ ਗੱਲ ਹੈ। ਸੰਗਤ ਨੇ ਉਨ੍ਹਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਸਿਰਸਾ ਨੂੰ ਪੰਜਾਬੀ ਬਾਗ ਵਿੱਚ ਪਟਕਣੀ ਵੀ ਦਿੱਤੀ ਹੈ ਤੇ ਹੁਣ ਉਸ ਨੂੰ ਕਮੇਟੀ ਅੰਦਰ ਵੀ ਜਿੱਤਣ ਨਹੀਂ ਦਿੱਤਾ ਜਾਵੇਗਾ। ਡੀਐਸਜੀਐਮਸੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਉਹ ਸਾਰੇ ਪੰਥ ਦਰਦੀ ਸਾਥੀਆਂ ਤੇ ਮੈਂਬਰਾਂ ਦਾ ਸਵਾਗਤ ਕਰਦੇ ਹਨ। ਮਨਜੀਤ ਸਿੰਘ ਨੇ ਵੀ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਹੈ। ਸਰਨਾ ਨੇ ਦੱਸਿਆ ਕਿ ਕੁਝ ਸੀਟਾਂ ਉੱਤੇ ਉਨ੍ਹਾਂ ਦੇ ਮੈਂਬਰ 1% ਤੋਂ ਘੱਟ ਦਰ ਨਾਲ ਹਾਰੇ ਹਨ ਜਿਨ੍ਹਾਂ ਨੂੰ ਕਾਨੂੰਨਨ ਦੁਬਾਰਾ ਵੋਟ ਗਿਣਨ ਦਾ ਕਾਨੂੰਨੀ ਹੱਕ ਹੈ ਜਿਸ ਦਾ ਉਹ ਸਹਾਰਾ ਵੀ ਲੈਣਗੇ।