ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਦਾਅਵਾ ਕੀਤਾ ਕਿ ਹਰਵਿੰਦਰ ਸਿੰਘ ਸਰਨਾ ਨੇ ਖ਼ੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਈਡੀ ਅਤੇ ਸੀਬੀਆਈ ਤੋਂ ਬਚਣ ਲਈ ਸੁਖਬੀਰ ਸਿੰਘ ਬਾਦਲ ਨੂੰ 10 ਕਰੋੜ ਰੁਪਏ ਦੀ ਮੋਟੀ ਰਕਮ ਦੇ ਕੇ ਦਿੱਲੀ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਲੈਣ ਦਾ ਸੌਦਾ ਕੀਤਾ। ਕਾਲਕਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਕਿਸੇ ਦੇ ਪਰਿਵਾਰ ’ਤੇ ਹਮਲਾ ਕਰਨਾ ਨਹੀਂ ਸੀ ਪਰ ਸ਼ਰਾਬ ਘੁਟਾਲਾ ਮਾਮਲੇ ’ਚ ਈਡੀ ਤੇ ਸੀਬੀਆਈ ਦਫਤਰ ’ਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਹਾਜ਼ਰੀਆਂ ਲਵਾ ਰਹੇ ਸਰਨਿਆਂ ਦੇ ਪਰਿਵਾਰ ਵੱਲੋਂ ਆਪਣੀ ਸੰਭਾਵਿਤ ਗ੍ਰਿਫਤਾਰੀ ਤੋਂ ਬਚਣ ਲਈ ਪੈਸੇ ਦੇ ਬਲ ’ਤੇ ਪੰਥਕ ਚੋਲਾ ਪਾਉਣਾ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਪੰਜਾਬ ’ਚ ਸਰਨਾ ਪਰਿਵਾਰ ਦੇ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਾਉਣ ਲਈ ਇਨ੍ਹਾਂ ਦੀ ਸ਼ਰਾਬ ਫੈਕਟਰੀ ਦੇ ਬਾਹਰ ਧਰਨੇ ਲਗਾਏ ਹੋਣ ਉਹ ਅੱਜ ਇਨ੍ਹਾਂ ਦੀ ਸਰਪ੍ਰਸਤੀ ਕਿੰਝ ਪ੍ਰਵਾਨ ਕਰ ਸਕਦਾ ਹੈ। ਦਿੱਲੀ ਕਮੇਟੀ ਪ੍ਰਧਾਨ ਕਾਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਜਾਂਚ ਕਰਾਉਣ ਕਿ ਕਿੰਝ ਸਰਨਾ ਭਰਾਵਾਂ ਵੱਲੋਂ ਬਾਦਲਾਂ ਨੂੰ ਕਰੋੜਾਂ ਰੁਪਏ ਦੀ ਮੋਟੀ ਰਕਮ ਦੇ ਕੇ ਪੰਜਾਬ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿੱਲੀ ’ਚ ਵੱਡੀਆਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਹਨ। ਕਾਲਕਾ ਨੇ ਦੋਸ਼ ਲਗਾਇਆ ਕਿ ਦਿੱਲੀ ਕਮੇਟੀ ਦੀਆਂ ਚੋਣਾਂ ’ਚ ਸਰਨਿਆਂ ਦੀ ਪਾਰਟੀ ਨੂੰ ਸਿੱਖ ਸੰਗਤਾਂ ਨੇ ਸ਼ਿਕਸਤ ਦੇ ਕੇ ਗੁਰੂ ਘਰਾਂ ਤੋਂ ਦੂਰ ਕਰਨ ਦਾ ਕੰਮ ਕੀਤਾ ਸੀ, ਜਿਸ ਤੋਂ ਬਾਅਦ ਬੁਖ਼ਲਾਹਟ ’ਚ ਇਨ੍ਹਾਂ ਨੇ ਆਪਣੀ ਦੌਲਤ ਦੇ ਸਿਰ ’ਤੇ ਸਾਡੇ ਕਈ ਮੈਂਬਰਾਂ ਨੂੰ ਖਰੀਦਣ ਦਾ ਯਤਨ ਕੀਤਾ ਪਰ ਜਦੋਂ ਇਹ ਸਫ਼ਲ ਨਾ ਹੋ ਸਕੇ ਤਾਂ ਅੱਜ ਬਾਦਲਾਂ ਦੀ ਉਸੇ ਪਾਰਟੀ ਦਾ ਹਿੱਸਾ ਬਣਨ ਲਈ ਤਰਲੋਮੱਛੀ ਹੋ ਰਹੇ ਹਨ, ਜਿਸ ਦੇ ਖ਼ਿਲਾਫ਼ ਚੋਣਾਂ ’ਚ ਇਹ ਖ਼ੁਦ ਬਰਗਾੜੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਰਗੇ ਕਈ ਗੰਭੀਰ ਇਲਜ਼ਾਮ ਲਾਉਂਦੇ ਰਹੇ ਹਨ।
ਕਾਲਕਾ ਖ਼ਿਲਾਫ਼ ਕਾਨੂੰਨੀ ਕਰਵਾਈ ਕਰਾਂਗੇ: ਸਰਨਾ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਉਹ ਅਜਿਹੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਤੇ ਸ੍ਰੀ ਹਰਮੀਤ ਸਿੰਘ ਕਾਲਕਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਉਧਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਉਦੋਂ ਸਰਨਾ ਧੜੇ ਦੇ ਯੂਥ ਵਿੰਗ ਦੇ ਪ੍ਰਧਾਨ ਸਨ, ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ ਸੀ। ਸ੍ਰੀ ਬਰਾੜ ਨੇ ਸ੍ਰੀ ਕਾਲਕਾ ਤੋਂ ਪੁੱਛਿਆ ਕਿ ਕੀ ਉਦੋਂ ਵੀ ਸ੍ਰੀ ਕਾਲਕਾ ਨੇ ਕੋਈ ਕਥਿਤ ਹਰਜਾਨਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਕਾਲਕਾ ਨੂੰ ਆਪਣੇ ਝੂਠੇ ਬਿਆਨ ਵਾਪਸ ਲੈਣੇ ਪੈਣਗੇ ਨਹੀਂ ਤਾਂ ਦਲ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।