ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਸਾਰੀਆਂ 14 ਜ਼ਿਲ੍ਹਾ ਕਮੇਟੀਆਂ ਦੇ ਹਜ਼ਾਰਾਂ ਵਰਕਰਾਂ ਨੇ ਭਾਜਪਾ ਦੀ ਮੋਦੀ ਸਰਕਾਰ ਵਿਰੁੱਧ ਸੱਤਿਆਗ੍ਰਹਿ ਕੀਤਾ। ਸ਼ਾਂਤਮਈ ਸੱਤਿਆਗ੍ਰਹਿ ਕਰ ਰਹੇ ਕਾਂਗਰਸੀ ਵਰਕਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਵਸੰਤ ਕੁੰਜ ਥਾਣੇ ਲਿਆਂਦਾ। ਸਾਰੇ 14 ਜ਼ਿਲ੍ਹਿਆਂ ਵਿੱਚ ਕੀਤੇ ਗਏ ਸੱਤਿਆਗ੍ਰਹਿ ਵਿੱਚ ਸਾਬਕਾ ਸੰਸਦ ਮੈਂਬਰ, ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ, ਸਾਬਕਾ ਨਿਗਮ ਕੌਂਸਲਰ, ਬਲਾਕ ਪ੍ਰਧਾਨ, ਯੂਥ ਕਾਂਗਰਸ, ਮਹਿਲਾ ਕਾਂਗਰਸ, ਸੇਵਾ ਦਲ ਅਤੇ ਸੈੱਲ ਤੇ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਇਸ ਸੱਤਿਆਗ੍ਰਹਿ ’ਤੇ ਡਟੇ ਰਹਿਣਗੇ|
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ਕਾਂਗਰਸ ਦਾ ਸ਼ਾਂਤਮਈ ਸੱਤਿਆਗ੍ਰਹਿ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਦਨੀਤੀ ਨਾਲ ਦਬਾਅ ਦੀ ਰਾਜਨੀਤੀ ਸ਼ੁਰੂ ਕਰਨਾ ਦੇਸ਼ ਦੇ ਭਖਦੇ ਮੁੱਦਿਆਂ ਤੋਂ ਵਿਰੋਧੀ ਪਾਰਟੀਆਂ ਦਾ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਵਧਦੀ ਮਹਿੰਗਾਈ, ਬੇਰੁਜ਼ਗਾਰੀ ਕਾਰਨ ਵਿਗੜ ਰਹੇ ਹਾਲਾਤ ’ਤੇ ਰਾਹੁਲ ਗਾਂਧੀ ਵੱਲੋਂ ਪੁੱਛੇ ਸਵਾਲਾਂ ਦਾ ਮੋਦੀ ਕਦੋਂ ਜਵਾਬ ਦੇਣਗੇ। ਕੇਂਦਰ ਸਰਕਾਰ ਵੱਲੋਂ 10 ਸਾਲ ਪਹਿਲਾਂ ਬੰਦ ਕੀਤੇ ਗਏ ਨੈਸ਼ਨਲ ਹੈਰਾਲਡ ਮਾਮਲੇ ’ਚ ਈਡੀ ਦੇ ਦਬਾਅ ਹੇਠ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੋਂ ਤਿੰਨ ਦਿਨ ਅਤੇ ਸ੍ਰੀ ਰਾਹੁਲ ਗਾਂਧੀ ਤੋਂ ਪੰਜ ਦਿਨ ਤੱਕ ਅਨੈਤਿਕ ਤੌਰ ’ਤੇ ਪੁੱਛਗਿੱਛ ਕਰਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਸਾਜ਼ਿਸ਼ ਰਚੀ ਗਈ ਹੈ।