ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਦਿੱਲੀ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਦਿੱਲੀ ਨਗਰ ਨਿਗਮ ਦੇ ਸਿੱਖਿਆ ਤੇ ਸਿਹਤ ਸੇਵਾਵਾਂ ਲਈ ਦੋ ਸਾਲ ਦੇ ਬਕਾਇਆ ਫੰਡ ਜਾਰੀ ਕੀਤੇ ਜਾਣ। ਦਿੱਲੀ ਨਗਰ ਨਿਗਮ ਦੇ ਏਕੀਕਰਨ ਤੋਂ ਪਹਿਲਾਂ ਦੇ ਇਹ ਫੰਡ 383.74 ਕਰੋੜ ਰੁਪਏ ਬਣਦੇ ਹਨ ਜਿਨ੍ਹਾਂ ਦੀ ਅਦਾਇਗੀ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਬੀਤੇ ਸਾਲ ਬਿਆਨਬਾਜ਼ੀ ਹੋਈ ਸੀ ਅਤੇ ਭਾਜਪਾ ਨੇ ਧਰਨੇ ਤੇ ਪ੍ਰਦਰਸ਼ਨ ਵੀ ਕੀਤੇ ਸਨ।
ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਨਿਗਮ ਦੇ ਬਕਾਇਆ ਫੰਡ ਬਾਰੇ ਲਿਖੇ ਪੱਤਰ ਨੂੰ ਉਪ ਰਾਜਪਾਲ ਦੇ ਦਫ਼ਤਰ ਵੱਲੋਂ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਦਿੱਲੀ ਸਰਕਾਰ ਨੂੰ ਸਿੱਖਿਆ ਤੇ ਸਿਹਤ ਮਹਿਕਮੇ ਦੇ ਉਕਤ ਫੰਡ ਜਾਰੀ ਕਰਨ ਦੀ ਤਾਕੀਦ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਕਿ ਉਕਤ ਦੋ ਸਾਲ ਦੇ ਫੰਡ ਐੱਮਸੀਡੀ ਨੂੰ ਜਾਰੀ ਕੀਤੇ ਜਾਣ। ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬਿਨਾਂ ਕਿਸੇ ਕਾਰਨ ਫੰਡ ਰੋਕੀ ਰੱਖਣ ਦਾ ਦਿੱਲੀ ਦੇ ਸਿਹਤ ਤੇ ਸਿੱਖਿਆ ਮਹਿਕਮਿਆਂ ਉੱਪਰ ਮਾੜਾ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਨਵੇਂ ਉਪ ਰਾਜਪਾਲ ਵੀ.ਕੇ. ਸਕਸੈਨਾ ਤੇ ਦਿੱਲੀ ਸਰਕਾਰ ਵਿਚਾਲੇ ਸਬੰਧ ਸੁਖਾਵੇਂ ਨਹੀਂ ਹਨ ਕਿਉਂਕਿ ਸ੍ਰੀ ਸਕਸੈਨਾ ਵੱਲੋਂ ਸ਼ਰਾਬ ਨੀਤੀ ਦੀ ਸੀਬੀਆਈ ਜਾਂਚ ਕਰਨ ਦੀ ਸਿਫ਼ਾਰਸ਼ ਕਰਨ ਸਮੇਤ ਹੋਰ ਮਦਾਂ ਨੂੰ ਲੈ ਕੇ ਉਨ੍ਹਾਂ ਦਾ ਕੇਜਰੀਵਾਲ ਸਰਕਾਰ ਨਾਲ ਟਕਰਾਓ ਚੱਲ ਰਿਹਾ ਹੈ। ਹਾਲਾਂਕਿ, ਮਾਮਲਾ ਹੁਣ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ ਪਰ ਕਈ ਮੁੱਦਿਆਂ ਉੱਤੇ ਦਿੱਲੀ ਸਰਕਾਰ ਤੇ ਉਪ ਰਾਜਪਾਲ ਵਿਚਾਲੇ ਟਕਰਾਅ ਜਾਰੀ ਹੈ। ਬੀਤੇ ਦਿਨੀਂ ‘ਆਪ’ ਆਗੂਆਂ ਵੱਲੋਂ ਉਪ ਰਾਜਪਾਲ ’ਤੇ ਬਿਨਾਂ 40 ਤੋਂ ਵੱਧ ਫਾਈਲਾਂ ਵਾਪਸ ਕਰਨ ਸਮੇਤ ਹੋਰ ਦੋਸ਼ ਲਗਾਏ ਗਏ ਸਨ।