ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਾਰਚ
ਦਿੱਲੀ ਹਾਈ ਕੋਰਟ ਨੇ ਇੱਕ ਸਰਕਾਰੀ ਸਕੂਲ ਨੂੰ ਚਾਲੂ ਕਰਨ ਦੀ ਮੰਗ ਕਰਨ ਵਾਲੀ ਐੱਨਜੀਓ ਦੀ ਪਟੀਸ਼ਨ ‘ਤੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਸਬੰਧੀ ਕਾਰਜਕਾਰੀ ਚੀਫ਼ ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਨਵੀਨ ਚਾਵਲਾ ਦੇ ਬੈਂਚ ਨੇ ਨੋਟਿਸ ਜਾਰੀ ਕਰਕੇ ਦਿੱਲੀ ਸਰਕਾਰ ਤੇ ਸਿੱਖਿਆ ਡਾਇਰੈਕਟੋਰੇਟ (ਡੀਓਈ) ਤੋਂ ਜਵਾਬ ਤਲਬ ਕੀਤਾ ਹੈ। ਪਟੀਸ਼ਨ ਵਿੱਚ ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 29 ਮਾਰਚ ਨੂੰ ਤੈਅ ਕੀਤੀ ਹੈ। ਸੰਸਥਾ ਲਕਸ਼ਿਆ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਇੱਥੇ ਆਈਪੀ ਐਕਸਟੈਨਸ਼ਨ ਦੀ ਜੋਸ਼ੀ ਕਲੋਨੀ ਵਿੱਚ 2011-2012 ਦੌਰਾਨ ਇੱਕ ਸਕੂਲ ਰਾਜਕੀਆ ਉੱਚ ਮਾਧਿਅਮਿਕ ਬਾਲਿਕਾ ਵਿਦਿਆਲਿਆ ਬਣਾਇਆ ਗਿਆ ਸੀ, ਜੋ ਹਾਲੇ ਤੱਕ ਸ਼ੁਰੁੂ ਨਹੀਂ ਹੋ ਸਕਿਆ।