ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਾਰਚ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਵਰਲਡ ਸਿੱਖ ਚੈਂਬਰਜ਼ ਆਫ ਕਾਮਰਸ ਦੇ ਸਹਿਯੋਗ ਨਾਲ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ, ਪੱਛਮੀ ਦਿੱਲੀ ਵਿੱਚ ਸੈਮੀਨਾਰ ਕਰਵਾਇਆ ਗਿਆ। ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਵਰਲਡ ਸਿੱਖ ਚੈਂਬਰਜ਼ ਆਫ ਕਾਮਰਸ ਸੰਸਥਾ ਤੇ ਤੇਜਿੰਦਰ ਸਿੰਘ ਗੁਰਾਇਆ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ, ਜਿਸ ਵਿੱਚ ਕਈ ਸੰਸਥਾਵਾਂ ਦੇ ਮੁਖੀਆਂ ਨੇ ਆ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਹਰਮਨਜੀਤ ਸਿੰਘ ਨੇ ਕਿਹਾ, ‘‘ਇੱਕ ਅਜਿਹਾ ਪਲੇਟਫਾਰਮ ਬਣਾਈਏ, ਜਿਸ ਤਹਿਤ ਸਿੱਖ ਇੱਕ-ਦੂਜੇ ਨਾਲ ਗੱਲਬਾਤ ਕਰ ਸਕਣ ਅਤੇ ਇੱਕ-ਦੂਜੇ ਦੇ ਕਾਰੋਬਾਰ ਵਿੱਚ ਸਹਿਯੋਗ ਕਰ ਸਕਣ।’
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਦਵਾਈਆਂ ਦਾ ਮੋਦੀਖਾਨਾ ਪਹਿਲਾਂ ਹੀ ਖੋਲ੍ਹਿਆ ਹੋਇਆ ਹੈ, ਜਿਸ ਵਿੱਚ ਬਿਨਾਂ ਕਿਸੇ ਮੁਨਾਫ਼ੇ ਤੋਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਵਿੱਦਿਆ ਦਾ ਲੰਗਰ ਲਗਾ ਕੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਹੁਣ ਇਸ ਸੰਸਥਾ ਦੇ ਸਹਿਯੋਗ ਨਾਲ ਉਨ੍ਹਾਂ ਸਿੱਖ ਬੱਚਿਆਂ ਲਈ ਕੰਮ ਕੀਤਾ ਜਾਵੇਗਾ, ਜੋ ਆਪਣਾ ਰੁਜ਼ਗਾਰ ਸਥਾਪਤ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ। ਜੇਕਰ ਵਰਲਡ ਸਿੱਖ ਚੈਂਬਰਜ਼ ਆਫ਼ ਕਾਮਰਸ ਦੇ ਮੈਂਬਰ ਵਿਦੇਸ਼ਾਂ ਵਿੱਚ ਵੀ ਇਹ ਕੰਮ ਕਰਨ ਤਾਂ ਇਹ ਉਨ੍ਹਾਂ ਬੱਚਿਆਂ ਲਈ ਕਾਰਗਰ ਸਾਬਤ ਹੋਵੇਗਾ, ਜੋ ਵਿਦੇਸ਼ਾਂ ਵਿੱਚ ਆਪਣਾ ਰੁਜ਼ਗਾਰ ਸਥਾਪਤ ਕਰਨ ਦੇ ਇੱਛੁਕ ਹਨ। ਹਰਮਨਜੀਤ ਸਿੰਘ ਨੇ ਕਿਹਾ ਕਿ ਹੋਰ ਸਿੰਘ ਸਭਾਵਾਂ ਨੂੰ ਵੀ ਇਸ ਮੰਚ ’ਤੇ ਆ ਕੇ ਇਸ ਦਾ ਲਾਭ ਆਪਣੇ ਇਲਾਕੇ ਦੇ ਸਿੱਖ ਪਰਿਵਾਰਾਂ ਨੂੰ ਦੇਣਾ ਚਾਹੀਦਾ ਹੈ, ਖਾਸ ਕਰਕੇ ਗਰੀਬ ਪਰਿਵਾਰਾਂ ਨੂੰ ਵੱਧ ਤੋਂ ਵੱਧ ਲਾਭ ਮਿਲੇਗਾ|