ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਦਿੱਲੀ ਪੁਲੀਸ ਨੇ ਹਵਾਈ ਅੱਡੇ ਤੋਂ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ’ਤੇ ਯਾਤਰਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੱਤ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਏਜੰਟ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਏਜੰਟ ਦੀ ਪਛਾਣ ਪੰਕਜ ਉਰਫ਼ ਕਮਲ ਵਜੋਂ ਹੋਈ ਹੈ, ਜੋ ਯੂਪੀ ਦੇ ਭਦੋਹੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਪਛਾਣ ਅਰਮਾਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ, ਗੁਰਵਿੰਦਰ ਸਿੰਘ, ਰਾਹੁਲ ਜਾਂਗੜਾ, ਦੀਪਕ ਅਤੇ ਮਨਬੀਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋ ਜਨਵਰੀ ਨੂੰ ਕਰੀਬ 12.30 ਵਜੇ ਸ਼ਿਕਾਇਤ ਮਿਲੀ ਸੀ ਕਿ ਏਅਰ ਇੰਡੀਆ ਦਾ ਗਰਾਊਂਡ ਸਟਾਫ ਸੱਤ ਭਾਰਤੀ ਯਾਤਰੀਆਂ ਨੂੰ ਉਤਾਰਨ ਲਈ ਪਹੁੰਚਿਆ ਸੀ। ਇਨ੍ਹਾਂ ਯਾਤਰੀਆਂ ਨੂੰ ਲੰਡਨ ਲਈ ਏਐਲ-133 ਉਡਾਣ ਲਈ ਸੀ-ਮੈਨ ਵਜੋਂ ਇਮੀਗ੍ਰੈਸ਼ਨ ਮਿਲ ਗਈ ਸੀ। ਬੋਰਡਿੰਗ ਗੇਟ ’ਤੇ ਉਨ੍ਹਾਂ ਦੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਨ੍ਹਾਂ ਦੇ ਬੋਰਡਿੰਗ ਪਾਸ ਜਾਅਲੀ ਸਨ ਤੇ ਯਾਤਰਾ ਦਸਤਾਵੇਜ਼ਾਂ ਦੀ ਮੁੜ ਪੜਤਾਲ ਕੀਤੀ ਗਈ। ਫਲਾਈਟ ਦੇ ਟਰੈਵਲ ਚਾਰਟ ਵਿੱਚ ਉਨ੍ਹਾਂ ਦੇ ਨਾਂ ਨਹੀਂ ਦਰਸਾਏ ਗਏ ਸਨ ਤੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ। ਇਨ੍ਹਾਂ ਸੱਤ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਜਹਾਜ਼ ਵਿੱਚ ਚੜ੍ਹਨ ਲਈ ਕਥਿਤ ਬੋਰਡਿੰਗ ਪਾਸ, ਆਰਟੀ-ਪੀਸੀਆਰ ਟੈਸਟ ਰਿਪੋਰਟਾਂ, ਦਿੱਲੀ ਦੇ ਦੋ ਏਜੰਟ ਕ੍ਰਿਸ਼ਨਾ ਅਤੇ ਕਮਲ ਤੋਂ 12,00,000 ਰੁਪਏ ਦੇ ਕੇ ਜੁਆਇਨਿੰਗ ਲੈਟਰ ਪ੍ਰਾਪਤ ਕੀਤੇ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਏਜੰਟਾਂ ਨੇ ਉਨ੍ਹਾਂ ਨੂੰ ਯੂਨਾਈਟਿਡ ਕਿੰਗਡਮ ਵਿੱਚ ਆਪਣੇ ਸਥਾਈ ਬੰਦੋਬਸਤ ਦਾ ਭਰੋਸਾ ਵੀ ਦਿੱਤਾ।