ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਦਿੱਲੀ ਪੁਲੀਸ ਨੇ ਦੱਸਿਆ ਕਿ ਦਿੱਲੀ ਦੇ ਰੋਹਿਣੀ ਸੈਕਟਰ-10 ਵਿੱਚ ਇੱਕ ਮਾਲ ਦੇ ਬਾਹਰ ਇੱਕ ਸੀਵਰ ਦੀ ਸਫ਼ਾਈ ਕਰਦੇ ਸਮੇਂ ਜ਼ਹਿਰੀਲੀ ਗੈਸ ’ਚ ਸਾਹ ਲੈਣ ਕਾਰਨ ਇੱਕ 32 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਕਥਿਤ ਤੌਰ ’ਤੇ ਬਿਮਾਰ ਹੋ ਗਿਆ। ਕੰਪਨੀ ਨਾਲ ਕੰਮ ਕਰਨ ਵਾਲੇ ਇੱਕ ਹਾਊਸਕੀਪਿੰਗ ਸੁਪਰਵਾਈਜ਼ਰ ਰਾਜਪਾਲ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਾਲ ਪਲੰਬਰ, ਮਾਲ ਮੈਨਟੇਨੈਂਸ ਸੁਪਰਵਾਈਜ਼ਰ ਅਤੇ ਫੈਸਿਲਿਟੀ ਮੈਨੇਜਰ ਨੂੰ ਵੀ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਪੁਲੀਸ ਅਨੁਸਾਰ ਪੀੜਤਾਂ ਦੀ ਪਛਾਣ ਹਰੇ ਕ੍ਰਿਸ਼ਨ ਪ੍ਰਸਾਦ (32) ਅਤੇ ਸਾਗਰ (20) ਵਜੋਂ ਹੋਈ। ਉਹ ਮਾਲ ਦੀ ਸਫ਼ਾਈ ਅਤੇ ਰੱਖ-ਰਖਾਅ ਦੀ ਇੰਚਾਰਜ ਕੰਪਨੀ ਲਈ ਸਵੀਪਰ ਵਜੋਂ ਕੰਮ ਕਰਦੇ ਸਨ। ਪੀੜਤਾਂ ਨੂੰ ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ਲਿਜਾਇਆ ਗਿਆ ਜਿੱਥੇ ਪ੍ਰਸਾਦ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।