ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਦੂਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆਂ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕੇਂਦਰ ਸਰਕਾਰ ਦੀ ਕਿਸੇ ਤਰ੍ਹਾਂ ਦੀ ਚਾਲ ਕਿਸਾਨੀ ਅੰਦੋਲਨ ਨੂੰ ਮੱਠਾ ਨਹੀਂ ਪਾ ਸਕਦੀ। ਇਸ ਮੌਕੇ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ 31 ਜੁਲਾਈ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਇੱਕ ਵੱਡੀ ਜਿੱਤ ਇਹ ਵੀ ਹੈ ਕਿ ਭਾਜਪਾ ਪੱਖੀ ਮੀਡੀਆ ਦੇ ਕੁਝ ਚੈਨਲ ਵੀ ਕਿਸਾਨ ਸੰਸਦ ਦੀ ਕਾਰਵਾਈ ਦਿਖਾਉਣ ਲਈ ਮਜਬੂਰ ਹੋਏ ਹਨ। ਕਾਕਾ ਸਿੰਘ ਲੱਖੋਵਾਲ ਅਤੇ ਮਨਿੰਦਰ ਵੜੈਚ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਮੁੱਦੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਬਾਰੇ ਸੰਸਦ ਵਿੱਚ ਬਹਿਸ ਕਰਾਉਣ ਤੋਂ ਭੱਜ ਰਹੀ ਹੈ ਤਾਂ ਜੋ ਦੇਸ਼ ਤੇ ਦੁਨੀਆ ਦੇ ਸਾਹਮਣੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਨਾ ਆ ਜਾਵੇ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਵਿਚਾਰ ਚਰਚਾ ਹੋਣ ’ਤੇ ਦੇਸ਼ ਦੇ ਲੋਕਾਂ ਨੂੰ ਤਿੰਨ ਖੇਤੀ ਕਾਨੂੰਨਾਂ ਵਿੱਚ ਲੁਕਿਆ ਸੱਚ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਦੇਸ਼ ਦੀ ਜ਼ਮੀਨ ਤੇ ਅਨਾਜ ਆਪਣੇ ਆਕਾ ਕਾਰਪੋਰੇਟਾਂ ਹਵਾਲੇ ਕਰ ਰਹੀ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨ ਬਾਰੇ ਕੋਈ ਗੱਲ ਕਰਨ ਲਈ ਤਿਆਰ ਨਹੀਂ। ਸਿੰਘੂ ਬਾਰਡਰ ’ਤੇ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕੇ ਮੋਦੀ ਸਰਕਾਰ ਸੰਸਦ ਅੰਦਰ ਉਠਦੀ ਆਵਾਜ਼ ਅਤੇ ਕਿਸਾਨ ਅੰਦੋਲਨ ਨੂੰ ਨਜ਼ਰਅੰਦਾਜ਼ ਕਰਕੇ ਅੜੀਅਲ ਵਤੀਰਾ ਅਪਣਾ ਰਹੀ ਹੈ। ਖੇਤੀਬਾੜੀ ਮੰਤਰੀ ਵਾਰ-ਵਾਰ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕੇ ਕਿਸਾਨ ਪੜਾਅਵਾਰ ਅੱਗੇ ਵੱਧ ਰਿਹੈ ਹੈ। ਸਾਥੀ ਅਜਨਾਲਾ ਨੇ ਕਿਹਾ ਕੇ ਕਿਸਾਨ ਸੰਸਦ ਨੇ ਮੋਦੀ ਸਰਕਾਰ ਦੇ ਝੂਠ ਨੂੰ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ ਅਤੇ ਇਹ ਵੀ ਸਨੇਹਾ ਦਿੱਤਾ ਹੈ ਕਿ ਲੋਕ ਨਮਾਇੰਦਿਆਂ ਨੂੰ ਦੇਸ਼ ਦੀ ਸੰਸਦ ਵਿੱਚ ਕਿਵੇਂ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਅਗਲੇ ਪੜਾਅ ਵਿੱਚ ਕਿਸਾਨ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਅਤੇ ਯੂਪੀ, ਉਤਰਾਖੰਡ ’ਤੇ ਵਧੇਰੇ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਗਲੇ ਪੜਾਅ ਲਈ ਹੁਣ ਤੋ ਤਿਆਰੀਆ ਕਰਨ ਦਾ ਸੱਦਾ ਦਿੱਤਾ।