ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਸਮੇਤ ਹੋਰ ਆਗੂ ਸ੍ਰੀ ਵਾਜਪਾਈ ਦੀ ਸਮਾਧੀ ‘ਸਦੇਵ ਅਟਲ’ ਵਿਖੇ ਪੁੱਜੇ ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਸਿਰ ਝੁਕਾਏ। ਇਸ ਦੌਰਾਨ ਆਗੂਆਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੇ ਕਾਰਜਾਂ ਨੂੰ ਯਾਦ ਕੀਤਾ ਗਿਆ ਕਿ ਉਨ੍ਹਾਂ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਦੀ 5 ਸਾਲ ਅਗਵਾਈ ਕੀਤੀ ਤੇ ਭਾਜਪਾ ਨੂੰ ਕੌਮੀ ਪੱਧਰ ਦੀ ਪਛਾਣ ਦਿੱਤੀ।
ਭਾਜਪਾ ਵੱਲੋਂ ਸਮਾਜਕ ਦੂਰੀਆਂ ਦੇ ਨਿਯਮ ਲਾਗੂ ਹੋਣ ਕਰਕੇ ਵੱਡੇ ਸਮਾਗਮਾਂ ਤੋਂ ਪਾਸਾ ਵੱਟਿਆ ਗਿਆ ਹੈ।
ਇਸੇ ਦੌਰਾਨ ਭਾਜਪਾ ਦੇ ਦਿੱਲੀ ਇੰਚਾਰਜ ਸ਼ਿਆਮ ਜਾਜੂ ਦੀ ਹਾਜ਼ਰੀ ਵਿੱਚ ਸ਼ਾਹੀਨ ਬਾਗ਼ ਤੇ ਹੋਰ ਇਲਾਕਿਆਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋਏੇ। ਸ਼ਾਹੀਨ ਬਾਗ਼ ਇਲਾਕੇ ਵਿੱਚ ਨਾਗਰਿਕਤਾ ਸੋਧ ਐਕਟ ਵਿਰੋਧੀ ਲੰਬਾ ਧਰਨਾ ਦਿੱਤਾ ਗਿਆ ਸੀ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਮੁਸਲਿਮ ਭਾਈਚਾਰੇ ਦੇ ਆਗੂਆਂ ਵਿੱਚ ਨਕਸ਼ਾਨਵੀਸ, ਬੁੱਧੀਜੀਵੀ, ਸਮਾਜਕ ਕਾਰਕੁਨ ਹਨ। ਉਧਰ ਘੌਂਡਾ ਦੇ ਸਾਬਕਾ ਵਿਧਾਇਕ ਮਰਹੂਮ ਸਾਹਿਬ ਸਿੰਘ ਚੌਹਾਨ ਦੀ ਬਰਸੀ ਮੌਕੇ ਭਾਜਪਾ ਆਗੂਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਤੇ ਸਾਬਕਾ ਵਿਧਾਇਕ ਦੇ ਇਲਾਕੇ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ। ਸੰਸਦ ਮੈਂਬਰ ਮਨੋਜ ਤਿਵਾੜੀ ਸਮੇਤ ਹੋਰ ਆਗੂ ਸ਼ਾਮਲ ਹੋਏ। ਆਗੂਆਂ ਨੇ ਇਸ ਮੌਕੇ ਬੂਟੇ ਲਾ ਕੇ ਮਰਹੂਮ ਆਗੂ ਨੂੰ ਯਾਦ ਕੀਤਾ।