ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ ਵਿੱਚ ਅੱਜ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਉਨ੍ਹਾਂ ਇੱਕ-ਦੂਜੇ ’ਤੇ ਗੋਲੀਆਂ ਵੀ ਚਲਾਈਆਂ। ਪੁਲੀਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਕਥਿਤ ਰੂਪ ਵਿੱਚ ਵਕੀਲਾਂ ਦੇ ਦੋ ਧੜੇ ਸ਼ਾਮਲ ਸਨ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਸਾਗਰ ਸਿੰਘ ਕਲਸੀ ਨੇ ਕਿਹਾ, “ਤੀਸ ਹਜ਼ਾਰੀ ਕੋਰਟ ਵਿੱਚ ਬੁੱਧਵਾਰ ਦੁਪਹਿਰ ਕਰੀਬ 1:35 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ। ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਦੇਖਿਆ ਕਿ ਵਕੀਲਾਂ ਦੇ ਦੋ ਧੜੇ, ਜਿਨ੍ਹਾਂ ਵਿੱਚ ਅਹੁਦੇਦਾਰ ਵੀ ਸ਼ਾਮਲ ਸਨ, ਕਥਿਤ ਤੌਰ ’ਤੇ ਹਵਾ ਵਿੱਚ ਫਾਇਰਿੰਗ ਕਰ ਰਹੇ ਸਨ। ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ।’’
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ ਵਿੱਚ ਇਕ ਵਿਅਕਤੀ ਹਵਾ ’ਚ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ ਜਦਕਿ ਬਾਕੀ ਲੋਕ ਪੱਥਰ ਸੁੱਟਦੇ ਅਤੇ ਲੱਕੜ ਦੀ ਤਖਤੀਆਂ ਸੁੱਟਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੋ ਗਰੁੱਪ, ਜਿਨ੍ਹਾਂ ’ਚ ਬਹੁਤਿਆਂ ਨੇ ਚਿੱਟੀਆਂ ਕਮੀਜ਼ਾਂ ਪਾਈਆਂ ਹਨ, ਹੱਥਾਂ ’ਚ ਡੰਡੇ ਲੈ ਕੇ ਇਕ-ਦੂਜੇ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਹੋਰ ਵੀਡੀਓ ’ਚ ਗੋਲੀਬਾਰੀ ਵਾਲੀ ਥਾਂ ’ਤੇ ਖੋਲ ਵੀ ਦਿਖਾਈ ਦੇ ਰਹੇ ਹਨ।
ਪੁਲੀਸ ਅਨੁਸਾਰ ਸਥਿਤੀ ਕਾਬੂ ਹੇਠ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਜਾਂਚ ਕਰਨ ਲਈ ਜੁਆਇੰਟ ਪੁਲੀਸ ਕਮਿਸ਼ਨਰ (ਸੈਂਟਰਲ ਰੇਂਜ) ਪਰਮਾਦਿਤਿਆ ਵੀ ਮੌਕੇ ’ਤੇ ਪਹੁੰਚੇ। ਪੁਲੀਸ ਦੀਆਂ ਟੀਮਾਂ ਵੱਲੋਂ ਜਾਂਚ ਕਰ ਰਹੀਆਂ ਹਨ ਅਤੇ ਘਟਨਾ ’ਚ ਸ਼ਾਮਲ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਹਾਲੇ ਤੱਕ ਕਿਸੇ ਨੂੰ ਵੀ ਹਿਰਾਸਤ ’ਚ ਨਹੀਂ ਲਿਆ ਗਿਆ।