ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸਾਹਿਤ ਤੇ ਚਿੱਤਰ ਪ੍ਰਦਰਸ਼ਨੀ ਸ਼ੁਰੂ ਕੀਤੀ ਗਈ ਜਿਸਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਤੇ ਸ਼ੋ੍ਰਮਣੀਅਕਾਲੀ ਦਲ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਹੋਰ ਸੰਗਤਾਂ ਵੀ ਹਾਜ਼ਰ ਸਨ। ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 7 ਦਸੰਬਰ ਤੱਕ ਚੱਲੇਗੀ।
ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਹਰ ਸਾਲ ਲਗਾਈ ਜਾਂਦੀ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਮਕਸਦ ਪਹਿਲੇ ਪਾਤਸ਼ਾਹ ਜੀ ਦੇ ਗੁਰਪੁਰਬ ਤੋਂ ਪਹਿਲਾਂ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬ ਦੀ ਮਾਨਤਵਾਵਾਦੀ ਵਿਚਾਰਧਾਰਾ ਅਤੇ ਫਲਸਫੇ ਤੋਂ ਜਾਣੂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਪ੍ਰਦਰਸ਼ਨ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਜਿੰਨੇ ਵੀ ਚਿੱਤਰ ਸ਼ਾਮਲ ਕੀਤੇ ਗਏ ਹਨ, ਉਹ ਸਾਰੇ ਹੱਥ ਨਾਲ ਬਣਾਏ ਚਿੱਤਰ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਵੇਲੇ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਚ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ। ਸ੍ਰੀ ਸਿਰਸਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪ ਵੀ ਆਉਣ ਤੇ ਆਪਣੇ ਬੱਚਿਆਂ ਨੂੰ ਲਿਆ ਕੇ ਪ੍ਰਦਰਸ਼ਨੀ ਵਿਖਾਉਣ ਤਾਂ ਜੋ ਉਹਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਉਹਨਾਂ ਅੱਜ ਭਗਤ ਨਾਮਦੇਵ ਦੇ 750 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਤੇ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਇਸ ਮਹਾਨ ਦਿਵਸ ’ਤੇ ਕੀਰਤਨ ਦਰਬਾਰ ਕਰਵਾਇਆ।