ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਾਰਚ
ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ’ਤੇ ਨੌਜਵਾਨਾਂ ਨੂੰ 26 ਜਨਵਰੀ ਵਾਲੇ ਦਿਨ ਲਈ ਉਕਾਸਾਉਣ ਦਾ ਦੋਸ਼ ਲਾਇਆ। ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੁਰਦੁਆਰਾ ਗ੍ਰੇਟਰ ਕੈਲਾਸ਼ ਪਾਰਟ-2 ਵਿੱਚ ਸੰਬੋਧਨ ਕਰਦੇ ਹੋਏ ਸਿੱਖ ਨੌਜਵਾਨਾਂ ਦੇ ਭਵਿੱਖ ਨੂੰ ਦਾਅ ’ਤੇ ਲਾ ਦਿੱਤਾ ਹੈ। ਜੀਕੇ ਨੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਲਏ ਬਿਨਾਂ 25 ਜਨਵਰੀ ਨੂੰ ਸਿਰਸਾ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਟਰੈਕਟਰ ਚਲਾਉਣ ਦੀ ਪੋਸਟ ਪਾ ਕੇ ਨੌਜਵਾਨਾਂ ਨੂੰ ਟਰੈਕਟਰ ਪਰੇਡ ਵਿੱਚ 26 ਜਨਵਰੀ ਨੂੰ ਖੁਦ ਦੇ ਟਰੈਕਟਰ ਸਣੇ ਪਰੇਡ ਵਿੱਚ ਸ਼ਾਮਲ ਹੋਣ ਦੇ ਕੀਤੇ ਗਏ ਐਲਾਨ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਿਰਸਾ ਨੇ ਨੌਜਵਾਨਾਂ ਨੂੰ ਉਕਸਾ ਕੇ ਆਪਣੇ ਕਦਮ ਪਿੱਛੇ ਖਿੱਚ ਲਏ। ਇਹ ਦਿੱਲੀ ਕਮੇਟੀ ਦਾ ਪਹਿਲਾ ਪ੍ਰਧਾਨ ਹੈ ਜਿਹੜਾ ਆਪਣੇ ਦਿੱਤੇ ਸੱਦੇ ’ਤੇ ਕੌਮ ਦੀ ਅਗਵਾਈ ਕਰਨ ਤੋਂ ਭਗੌੜਾ ਹੋ ਗਿਆ। ਅੱਜ ਤਕ ਸਾਰੇ ਪ੍ਰਧਾਨਾਂ ਨੇ ਕੌਮ ਦੀ ਅਗਵਾਈ ਅੱਗੇ ਹੋ ਕੇ ਕੀਤੀ ਹੈ ਪਰ ਸਿਰਸਾ ਟਰੈਕਟਰ ਪਰੇਡ ਤਾਂ ਛੱਡ ਦਿਓ, 27 ਤੇ 28 ਤਾਰੀਖ਼ ਨੂੰ ਵੀ ਘਰ ਤੋਂ ਬਾਹਰ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਸਿਰਸਾ ਦੇ ਉਕਸਾਉਣ ’ਤੇ ਲਗਪਗ 6 ਹਜ਼ਾਰ ਸਿੱਖ ਨੌਜਵਾਨਾਂ ਨੂੰ ਦਿੱਲੀ ਪੁਲੀਸ ਮਾਨਸਿਕ ਤੇ ਸ਼ਰੀਰਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਰੋਡ ਮੈਪ ਤਿਆਰ ਕਰ ਚੁੱਕੀ ਹੈ।