ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਦੇ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਦਿੱਲੀ ਨਗਰ ਨਿਗਮ ਨਾਲ ਜੁੜੀਆਂ ਦੋ ਕੰਪਨੀਆਂ ਲਈ ਟੌਲ ਠੇਕੇ ਦੀ ਜਾਂਚ ਸੀਬੀਆਈ ਤੋਂ ਮੰਗੀ ਗਈ ਹੈ। ਸ੍ਰੀ ਸਿਸੋਦੀਆ ਵੱਲੋਂ ਲਿਖੇ ਗਏ ਪੱਤਰ ਵਿੱਚ ਦੋਸ਼ ਲਾਇਆ ਗਿਆ ਕਿ ਦਿੱਲੀ ਨਗਰ ਨਿਗਮ ਵਿੱਚ 6 ਹਜ਼ਾਰ ਕਰੋੜ ਦਾ ਕਥਿਤ ਘੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋ ਟੌਲ ਕੰਪਨੀਆਂ ਨੂੰ ਦਿੱਤੇ ਗਏ ਠੇਕੇ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਦਿੱਲੀ ਵਿੱਚ ਰੋਜ਼ਾਨਾ 10 ਲੱਖ ਗੱਡੀਆਂ ਕੋਲੋਂ ਕਮਰਸ਼ੀਅਲ ਗੱਡੀਆਂ ਤੋਂ ਇੱਕਠੇ ਹੋਏ ਪੈਸੇ ਨੂੰ ਨਿਗਮ ਦੇ ਲੋਕਾਂ ਨੇ ਮਿਲ ਕੇ ਕਥਿਤ ਘੁਟਾਲਾ ਕੀਤਾ ਹੈ। ਸ੍ਰੀ ਸਿਸੋਦੀਆ ਨੇ ਕਿਹਾ ਇੱਕਠਾ ਕੀਤਾ ਪੈਸਾ ਨਿਗਮ ਕੋਲ ਨਹੀਂ ਪਹੁੰਚਿਆ ਸੀ। ਇਸ ਠੇਕੇ ਵਾਲੀਆਂ ਕੰਪਨੀਆਂ ਦਾ ਨਾਂ ਲੈ ਕੇ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਸੀ ਕਿ ਠੇਕਾ ਨਾਲ ਜੁੜੇ ਮਾਮਲੇ ਨਾਲ ਨਿਗਮ ਨੂੰ 6 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਸੀ ਤੇ ਦੋਨਾਂ ਕੰਪਨੀਆਂ ਦੇ ਇੱਕ ਮਾਲਕ ਸਨ। ਐੱਮਸੀਡੀ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕੀਤਾ ਗਿਆ ਸੀ ਤੇ ਕਿਹਾ ਕਿ ਦੋਸ਼ ਬੇਬੁਨਿਆਦ ਤੇ ਤੱੱਥਾਂ ਤੋਂ ਕੋਹਾਂ ਦੂਰ ਹਨ।
ਅਜਿਹਾ ਕੋਈ ਘੁਟਾਲਾ ਨਹੀਂ ਹੋਇਆ: ਭਾਜਪਾ
ਭਾਜਪਾ ਦੇ ਬੁਲਾਰੇ ਪ੍ਰਵੀਨ ਕਪੂਰ ਨੇ ਕਿਹਾ ਕਿ ਐਮਸੀਡੀ ਵਿੱਚ ਅਜਿਹਾ ਕੋਈ ਘੁਟਾਲਾ ਹੋਇਆ ਹੀ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ 2018 ਵਿੱਚ ਪੂਰਬੀ-ਪੱਛਮੀ ਕੋਰੀਡੋਰ ਦੇ ਨਿਰਮਾਣ ਤੋਂ ਬਾਅਦ, ਵਪਾਰਕ ਵਾਹਨ ਜੋ ਦਿੱਲੀ ਨੂੰ ਪਾਰ ਕਰਕੇ ਦੂਜੇ ਰਾਜਾਂ ਵਿੱਚ ਜਾਂਦੇ ਸਨ, ਆਉਣਾ ਬੰਦ ਹੋ ਗਿਆ ਤੇ ਨਤੀਜੇ ਵਜੋਂ, ਦਿੱਲੀ ਦੇ ਟੌਲ ਟੈਕਸ ਦੀ ਉਗਰਾਹੀ ਵਿੱਚ ਲਗਪਗ 70 ਫ਼ੀਸਦ ਦੀ ਕਮੀ ਆਈ ਹੈ। ਇਸ ਕਾਰਨ 1260 ਕਰੋੜ ਰੁਪਏ ਦਾ ਸਾਲਾਨਾ ਠੇਕਾ ਲੈਣ ਵਾਲੇ ਤਤਕਾਲੀ ਟੌਲ ਟੈਕਸ ਉਗਰਾਹੀ ਦੇ ਠੇਕੇਦਾਰ ਨੂੰ ਉਗਰਾਹੀ ਵਿੱਚ ਭਾਰੀ ਨੁਕਸਾਨ ਹੋਇਆ। ਠੇਕੇਦਾਰ ਨੇ ਐਮਸੀਡੀ ਨੂੰ ਅੰਸ਼ਕ ਤੌਰ ’ਤੇ ਭੁਗਤਾਨ ਕੀਤਾ ਤੇ ਉਸ ਤੋਂ ਬਾਅਦ ਕੰਮ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਠੇਕੇਦਾਰ ਦੇ ਛੱਡਣ ਤੋਂ ਬਾਅਦ, ਐੱਮਸੀਡੀ ਨੇ ਉਸ ਦੀ ਸੁਰੱਖਿਆ ਜਮ੍ਹਾਂ ਰਕਮ ਜ਼ਬਤ ਕਰ ਲਈ ਅਤੇ ਕਾਨੂੰਨੀ ਵਸੂਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਵਰਤਮਾਨ ਵਿੱਚ ਟੌਲ ਟੈਕਸ ਵਸੂਲੀ ਦਾ ਇਕਰਾਰਨਾਮਾ ਇੱਕ ਕੰਪਨੀ ਸ਼ਾਹਕਾਰ ਗਲੋਬਲ ਨਾਲ ਹੈ ਜੋ ਪਿਛਲੇ ਦੋ ਸਾਲਾਂ ਤੋਂ ਨਿਯਮਿਤ ਤੌਰ ’ਤੇ ਸਹੀ ਭੁਗਤਾਨ ਕਰ ਰਹੀ ਹੈ।