ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਫਰਵਰੀ
ਵਿਸ਼ਵ ਪੰਜਾਬੀ ਸੰਸਥਾ ਤੇ ਸਨ ਫਾਊਂਡੇਸ਼ਨ ਵੱਲੋਂ ਕਾਇਮ ਕੀਤੇ ਗਏ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਜੋ ਉਪ ਮੁੱਖ ਮੰਤਰੀ ਵੀ ਹਨ ਨੇ ਕੀਤਾ। ਸ੍ਰੀ ਸਿਸੋਦੀਆ ਨੇ ਨਿੱਜੀ ਪੱਧਰ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਸਾਰਥਕ ਦੱਸਿਆ। ਉਨ੍ਹਾਂ ਦਿੱਲੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਕਾਰਜਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਵਿਸ਼ਵ ਪੰਜਾਬੀ ਸੰੰਸਥਾ ਦੇ ਕੌਮਾਂਤਰੀ ਚੇਅਰਮੈਨ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਹੁਨਰ ਕੇਂਦਰ ਨੇ ਕੌਮਾਂਤਰੀ ਮਾਪਦੰਡ ਅਪਣਾਏ ਹਨ ਤੇ ਨਵੀਂ ਪੀੜ੍ਹੀ ਨੂੰ ਮਿਆਰੀ ਹੁਨਰ ਨਾਲ ਲੈੱਸ ਕੀਤਾ ਹੈ। ਇੱਥੇ 6 ਮਹੀਨੇ ਦੇ ਪੂਰੇ ਕੋਰਸ ਕਰਵਾਏ ਜਾਣਗੇ ਜੋ ਸਨਅਤੀ ਖੇਤਰ ਤੇ ਕਾਰਪੋਰੇਟ ਖੇਤਰ ਦੀਆਂ ਲੋੜਾਂ ਮੁਤਾਬਕ ਢਾਲੇ ਗਏ ਹਨ। ਸ਼ਖ਼ਸੀਅਤ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਵੇਗਾ। ਸ੍ਰੀ ਸਾਹਨੀ ਨੇ ਕਿਹਾ, ‘ਸਾਨੂੰ ਸਵੈ-ਨਿਰਭਰਤਾ ਦੀ ਸਹੂਲਤ ਦੇ ਕੇ ਗ਼ਰੀਬੀ ਦੇ ਖਾਤਮੇ ਵੱਲ ਕੰਮ ਕਰਨਾ ਹੈ। ਕਿਸੇ ਵਿਅਕਤੀ ਨੂੰ ਹੁਨਰ ਦੇਣਾ ਉਸ ਨੂੰ ਇਮਾਨਦਾਰ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਦੇਣਾ ਤੇ ਵਿੱਤੀ ਨਿਰਭਰਤਾ ਦੇ ਵਿਕਲਪ ਦੇਣ ਨਾਲ ਉਸ ਦਾ ਜੀਵਨ ਪੱਕੇ ਪੈਰੀਂ ਹੋਵੇਗਾ। ਇਸ ਕੇਂਦਰ ਨੂੰ ਚਲਾਉਣ ਲਈ ‘ਡੀਟੀਟੀਈ’ ਤੇ ਐੱਸਐੱਫ ਨੇ ਮਨਜ਼ੂਰੀ ਦਿੱਤੀ ਹੈ।