ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜਨਵਰੀ
ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਵਿੱਚ ਮਹਿਲਾ ਹੋਸਟਲ ਵਾਲੀ ਥਾਂ ਨੂੰ ਗਊਸ਼ਾਲਾ ਤੇ ਖੋਜ ਕੇਂਦਰ ਨੂੰ ਦੇਣ ਖ਼ਿਲਾਫ਼ ਵਿਦਿਆਰਥੀ ਜਥੇਬੰਦੀਆਂ ਵੱਲੋਂ ਕਾਲਜ ਦੇ ਮੁੱਖ ਗੇਟ ਉਪਰ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਕਾਲਜ ਪ੍ਰਬੰਧਕਾਂ ਦੇ ਇਸ ਗ਼ੈਰ-ਵਿਗਿਆਨਕ ਕਦਮ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਹੋਸਟਲ ਪਹਿਲ ਦੇ ਆਧਾਰ ’ਤੇ ਉਸਾਰਨ ਦੀ ਮੰਗ ਕੀਤੀ। ਪ੍ਰਦਰਸ਼ਨ ਵਿੱਚ ‘ਆਇਸਾ’, ‘ਐੱਸਐੱਫਆਈ’, ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਹੋਰ ਵਿਦਿਆਰਥੀ ਯੂਨੀਅਨਾਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਫੈਸਲਾ ਯੂਨੀਵਰਸਿਟੀ ਦੇ ਧਰਮ ਨਿਰਪੱਖ ਚਰਿੱਤਰ ਨੂੰ ਢਾਹ ਲਾਉਣ ਦੀ ਖੁੱਲ੍ਹੀ ਕੋਸ਼ਿਸ਼ ਹੈ ਤੇ ਵਿਗਿਆਨਕ ਸੋਚ ਦੇ ਵਿਰੁੱਧ ਹੈ। ਨਾਲ ਹੀ ਇਹ ਅਖੌਤੀ ਖੋਜ ਕੇਂਦਰ, ਮਹਿਲਾ ਹੋਸਟਲ ਦੀ ਉਸਾਰੀ ਲਈ ਨਿਸ਼ਾਨਬੱਧ ਜਗ੍ਹਾ ‘ਤੇ ਬਣਾਇਆ ਜਾ ਰਿਹਾ ਹੈ।
ਆਗੂਆਂ ਮੁਤਾਬਕ ਇਹ ਫ਼ੈਸਲਾ ਯੂਨੀਵਰਸਿਟੀ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਦੇ ਵਿਰੁੱਧ ਹੀ ਨਹੀਂ ਸਗੋਂ ਸਪੱਸ਼ਟ ਤੌਰ ‘ਤੇ ਔਰਤਾਂ ਵਿਰੋਧੀ ਵੀ ਹੈ। ਇਸ ਦੌਰਾਨ ਹਾਜ਼ਰ ਕਾਰਕੁਨਾਂ ਨੇ ਕਿਹਾ ਕਿ ਅਜਿਹੇ ਫੈਸਲਿਆਂ ਦਾ ਨਵੀਂ ਸਿੱਖਿਆ ਨੀਤੀ (ਐਨਈਪੀ) 2020 ਦੇ ਨੀਤੀਗਤ ਢਾਂਚੇ ਦੇ ਅੰਦਰ ਵੀ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ, ਜਿਸਦਾ ਅਕਾਦਮਿਕ ਭਾਈਚਾਰੇ ਦੁਆਰਾ ਸਖ਼ਤ ਵਿਰੋਧ ਕੀਤਾ ਗਿਆ ਹੈ।