ਪੱਤਰ ਪ੍ਰੁੇਰਕ
ਨਵੀਂ ਦਿੱਲੀ, 3 ਮਾਰਚ
ਕੌਮੀ ਰਾਜਧਾਨੀ ਦੇਸ਼ ਦੇ ਮੁੱਖ ਪ੍ਰਦੂਸ਼ਣ ਸ਼ਹਿਰਾਂ ਵਿੱਚੋਂ ਇਕ ਹੈ। ਠੰਢ ਵਿੱਚ ਦਿੱਲੀ ਧੂੰਆਂਖੀ ਧੁੰਦ ਦੀ ਲਪੇਟ ਵਿੱਚ ਆ ਜਾਂਦੀ ਹੈ। ਇਸ ਲਈ ਅਦਾਲਤਾਂ ਵੱਲੋਂ ਵੀ ਸਰਕਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਛੇਤੀ ਹੀ ਕੌਮੀ ਰਾਜਧਾਨੀ ਵਿੱਚ ਦੋ ਸਮੋਗ ਟਾਵਰ ਲਾਏ ਜਾਣਗੇ। ਇਨ੍ਹਾਂ ਦਾਂ ਬੁਨਿਆਦੀ ਢਾਂਚੇ ਦਾ ਕੰਮ ਜੂਨ ਤੱਕ ਕੰਮ ਮੁਕੰਮਲ ਹੋ ਜਾਵੇਗਾ। ਇਹ ਟਾਵਰ ਬਾਬਾ ਖੜਕ ਸਿੰਘ ਮਾਰਗ (ਕਨਾਟ ਪਲੇਸ) ’ਚ ਅਤੇ ਪੂਰਬੀ ਦਿੱਲੀ ਦੇ ਆਨੰਦ ਵਿਹਾਰ ਟਰਮਿਨਲ ਦੇ ਪਿੱਛੇ ਸਥਾਪਤ ਕੀਤੇ ਜਾਣਗੇ। ਟਾਵਰਾਂ ਦਾ ਨਿਰਮਾਣ ਟਾਟਾ ਪ੍ਰੋਜੈਕਟਜ਼ ਲਿਮਟਿਡ ਨੇ ਆਈਆਈਟੀ ਬੰਬੇ ਅਤੇ ਆਈਆਈਟੀ ਦਿੱਲੀ ਦੇ ਤਕਨੀਕੀ ਸਹਿਯੋਗ ਨਾਲ ਕੀਤਾ ਹੈ। ਨੈਸ਼ਨਲ ਬਿਲਡਿੰਗ ਕੰਸਟ੍ਰਕਸ਼ਨ ਕਾਰਪੋਰੇਸ਼ਨ (ਐੱਨਬੀਸੀਸੀ) ਪ੍ਰਾਜੈਕਟ ਮੈਨੇਜਮੈਂਟ ਸਲਾਹਕਾਰ ਵਜੋਂ ਕੰਮ ਕਰੇਗੀ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੂੰ ਕਨਾਟ ਪਲੇਸ ਸਮੋਗ ਟਾਵਰ ਲਈ ਨੋਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਆਨੰਦ ਵਿਹਾਰ ਟਾਵਰ ਲਈ ਨੋਡਲ ਏਜੰਸੀ ਦਾ ਕੰਮ ਕਰੇਗਾ। ਰਿਪੋਰਟ ਵਿੱਚ ਸੀਪੀਸੀਬੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਆਨੰਦ ਵਿਹਾਰ ਵਿੱਚ ਟਾਵਰ ਜੂਨ ਦੇ ਪਹਿਲੇ ਹਫ਼ਤੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਦੋਵਾਂ ਟਾਵਰਾਂ ਦੀ ਕਾਰਜਕੁਸ਼ਲਤਾ ਦਾ ਅਧਿਐਨ ਦੋ ਸਾਲਾਂ ਲਈ ਆਈਆਈਟੀ ਬੰਬੇ ਤੇ ਦਿੱਲੀ ਦੁਆਰਾ ਕੀਤਾ ਜਾਵੇਗਾ।’’