ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਭਗਤ ਸਾਹਿਬਾਨ ’ਤੇ ਸਾਰਾ ਸਾਲ ਚੱਲਣ ਵਾਲੀ ਲੈਕਚਰ ਲੜੀ ਤਹਿਤ ਇਸ ਵਾਰ ਸੁਖਦੇਵ ਸਿੰਘ ਸ਼ਾਂਤ ਦਾ ਉਨ੍ਹਾਂ ਦੀ ਪੁਸਤਕ ਪੰਦਰਾਂ ਭਗਤ ਸਾਹਿਬਾਨ ‘ਤੇ ਅਧਾਰਿਤ ਲੈਕਚਰ ਕਰਵਾਇਆ ਗਿਆ।
ਇਸ ਦੀ ਪ੍ਰਧਾਨਗੀ ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਪ੍ਰੋ. ਰਵੇਲ ਸਿੰਘ ਨੇ ਇਸ ਦਾ ਸੰਚਾਲਨ ਕੀਤਾ। ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਦੇ ਪ੍ਰਚਾਰ ਹਿੱਤ ਸਦਨ ਵੱਲੋਂ ਸਮੇਂ-ਸਮੇਂ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ। ਉਪਰੰਤ ਅਮਰੀਕਾ ਤੋਂ ਸੁਖਦੇਵ ਸਿੰਘ ਸ਼ਾਂਤ ਨੇ ਆਪਣੇ ਵਿਆਖਿਆਨ ‘ਚ ਗੁਰੂ ਗੰਥ ਸਾਹਿਬ ‘ਚ ਦਰਜ 15 ਭਗਤ ਸਾਹਿਬਾਨ ਦੀ ਆਪਸੀ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਅਸਲ ‘ਚ ਇਹ ਸਾਂਝ ਵਿਚਾਰਧਾਰਾ ਦੀ ਸਾਂਝ ਸੀ ਤੇ ਇਸ ਸਾਂਝ ਸਦਕਾ ਹੀ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਰਾਹੀਂ ਸੰਪਾਦਨ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੀ।
ਉਪਰੰਤ ਡਾ. ਸਾਗੂ ਨੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਸੁਖਦੇਵ ਸ਼ਾਂਤ ਦੇ ਲੈਕਚਰ ਦੀ ਸਿਫ਼ਤ ਕਰਦਿਆਂ ਗੁਰੂ ਗ੍ਰੰਥ ਸਾਹਿਬ ‘ਚ ਦਰਜ ਭਗਤ ਬਾਣੀ ਬਾਰੇ ਹਰ ਖੁਲਾਸਾ ਕੀਤਾ। ਅਖ਼ੀਰ ‘ਚ ਡਾ. ਰਵੇਲ ਸਿੰਘ ਨੇ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ‘ਚ ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕਰਨਾ ਇਹ ਸਮੇਂ ਦੀਆਂ ਤਾਕਤਾਂ ਨੂੰ ਇਕ ਵੰਗਾਰ ਸੀ। ਉਨ੍ਹਾਂ ਇਸ ਚਰਚਾ ‘ਚ ਸ਼ਾਮਲ ਵਕਤਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।