ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਚੱਲ ਰਹੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱੱਡੀਜ਼ ਵੱਲੋਂ ‘ਅਜੋਕੇ ਸਮਿਆਂ ਵਿੱਚ ਬਾਬਾ ਫ਼ਰੀਦ ਬਾਣੀ ਦੀ ਸਾਰਥਕਤਾ’ ਵਿਸ਼ੇ ’ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਮੁੱੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਬੁਲਾਰੇ ਕਹਾਣੀਕਾਰ ਖਾਲਿਦ ਹੂਸੈਨ ਨੇ ਕਿਹਾ ਕਿ ਜਦੋਂ ਦੁਨੀਆਂ ਤੇ ਧਰਮ ਮੌਜੂਦ ਨਹੀਂ ਸੀ ਤਾਂ ਰੂਹਾਨੀਅਤ ਤੇ ਇਨਸਾਨੀਅਤ ਉਦੋਂ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਮਨੁੱਖ ਨੇ ਆਪਣੀ ਕਮਜ਼ੋਰੀ ਤੇ ਡਰ ਦੇ ਕਾਰਨ ਧਰਮ ਨੂੰ ਕਬੂਲਿਆ ਤੇ ਫਿਰ ਖੁਦ ਹੀ ਉਸ ਦੀ ਹਿਫ਼ਾਜ਼ਤ ਕੀਤੀ। ਦੂਜੇ ਪਾਸੇ, ਧਰਮ ਨੇ ਵੀ ਮਨੁੱਖ ਨੂੰ ਔਕੜਾਂ, ਤੰਗੀਆਂ ਤੇ ਪ੍ਰੇਸ਼ਾਨੀਆਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਧਰਮ ਆਪਣੇ ਆਪ ਵਿਚ ਖਾਸ ਬਣ ਗਿਆ। ਉਨ੍ਹਾਂ ਕਿਹਾ ਕਿ ਹਰ ਧਰਮ ਨੇ ਰੂਹਾਨੀਅਤ ਤੇ ਇਨਸਾਨੀਅਤ ਦੇ ਅਕੀਦੇ ਨੂੰ ਕਬੂਲਿਆ ਹੈ ਪਰ ਹਰੇਕ ਧਰਮ ਦੇ ਪ੍ਰਚਾਰਕਾਂ ਤੇ ਰਾਖਿਆਂ ਨੇ ਨਫ਼ਰਤ, ਹੰਕਾਰ ਤੇ ਜ਼ੁਲਮ ਨੂੰ ਰੱਜ ਕੇ ਉਭਾਰਿਆ ਹੈ, ਜਿਸ ਵਿਚੋਂ ਹੀ ਵੱਖ-ਵੱਖ ਫ਼ਿਰਕਿਆਂ ਨੇ ਜਨਮ ਲਿਆ। ਮੰਚ ਦਾ ਸੰਚਾਲਨ ਡਾ. ਰਵੇਲ ਸਿੰਘ ਨੇ ਕੀਤਾ। ਹੂਸੈਨ ਨੇ ਸੂਫ਼ੀਵਾਦ ਨੂੰ ਪਰਿਭਾਸ਼ਤ ਕਰਦਿਆਂ ਬਾਬਾ ਫ਼ਰੀਦ ਦੇ ਸਲੋਕਾਂ ਰਾਹੀਂ ਰੂਹਾਨੀਅਤ ਦੀ ਦਿੱਖ ਨੂੰ ਸਾਂਝਾ ਕਰਦਿਆਂ ਮੌਜੂਦ ਸਮਾਜਿਕ ਤਾਣੇ-ਬਾਣੇ ਨੂੰ ਰੱਜ ਕੇ ਭੰਡਿਆ ਕਿ ਕਿਸ ਤਰ੍ਹਾਂ ਮਨੁੱਖ ਇਨਸਾਨ ਬਣੇ ਰਹਿਣ ਤੋਂ ਪਾਸੇ ਹਟਦਾ ਜਾ ਰਿਹਾ ਹੈ।
ਮੁੱਖ ਮਹਿਮਾਨ ਤ੍ਰਿਲੋਚਨ ਸਿੰਘ ਨੇ ਖਾਲਿਦ ਹੂਸੈਨ ਨੇ ਬਾਬਾ ਫ਼ਰੀਦ ਦੇ ਸਲੋਕਾਂ ਦੇ ਹਵਾਲੇ ਰਾਹੀਂ ਤੇ ਇਤਿਹਾਸਕ ਵਿਕਾਸ ਕ੍ਰਮ ਰਾਹੀਂ ਬਾਬੇ ਫ਼ਰੀਦ ਦੀ ਬਾਣੀ ਨੂੰ ਸਾਡੇ ਨਾਲ ਸਾਂਝਾਂ ਕੀਤਾ ਹੈ। ਇਸ ਤਰ੍ਹਾਂ ਸਾਡੇ ਵਿਦਵਾਨ ਲੋਕਾਂ ਨੇ ਹਾਲੇ ਤੱਕ ਨਹੀਂ ਕੀਤਾ ਜੋ ਆਪਣੇ ਆਪ ਵਿਚ ਇਕ ਬਾਬੇ ਫ਼ਰੀਦ ਨੂੰ ਲੈ ਕੇ ਵੱਖਰੀ ਖੋਜ ਹੈ।