ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਪਿਛਲੇ 10 ਸਾਲ ਦੇ ਰਿਕਾਰਡ ਦੀ ਜਾਂਚ ਲਈ ਕਮੇਟੀ ਬਣਾਉਣ ਲਈ ਸਹਿਮਤੀ ਨਾ ਦੇਣ ਨਾਲ ਉਨ੍ਹਾਂ ਵੱਲੋਂ ਕੀਤੀ ਗੋਲਕ ਚੋਰੀ ਦਾ ਸੱਚ ਬੇਨਕਾਬ ਹੋ ਗਿਆ ਹੈ।
ਸ੍ਰੀ ਸਿਰਸਾ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਨੇ ਬਹਾਨੇ ਬਣਾ ਕੇ ਸਹਿਮਤੀ ਦੇਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਬਹਾਨੇਬਾਜ਼ੀ ਕਰ ਕੇ ਆਪਣੇ ਗੁਨਾਹਾਂ ਨੂੰ ਪਰਦੇ ਪਿੱਛੇ ਹੀ ਰੱਖਣ ਦਾ ਯਤਨ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਉਨ੍ਹਾਂ ਦੀ ਗੋਲਕ ਚੋਰੀ ਦਾ ਸੱਚ ਸਾਹਮਣੇ ਆ ਗਿਆ ਤਾਂ ਉਹ ਹਮੇਸ਼ਾ ਵਾਸਤੇ ਸਿੱਖ ਕੌਮ ਵਿੱਚੋਂ ਬਾਹਰ ਹੋ ਜਾਣਗੇ। ਸ੍ਰੀ ਸਿਰਸਾ ਨੇ ਕਿਹਾ ਕਿ ਇਹੀ ਡਰ ਪਰਮਜੀਤ ਸਿੰਘ ਸਰਨਾ ਨੂੰ ਵੀ ਸਤਾ ਰਿਹਾ ਹੈ ਕਿਉਂਕਿ ਦੋਵਾਂ ਵੱਲੋਂ ਕੀਤੀ ਗੋਲਕ ਚੋਰੀ ਦੇ ਮਾਮਲੇ ਵਿਚ ਅਦਾਲਤ ਵੱਲੋਂ ਫੌਜਦਾਰੀ ਕੇਸ ਦਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜਿਥੇ ਮਨਜੀਤ ਸਿੰਘ ਜੀ. ਕੇ. ਦੇ ਖ਼ਿਲਾਫ਼ ਵਿਦੇਸ਼ਾਂ ਤੋਂ ਆਇਆ ਪੈਸਾ ਖਾਣ, ਵਰਦੀਆਂ ਦੇ ਨਾਂ ‘ਤੇ, ਨਕਲੀ ਕਿਤਾਬਾਂ ਦੇ ਨਾਂ ‘ਤੇ ਪੈਸੇ ਖਾਧੇ ਗਏ ਤੇ ਆਪਣੀ ਬੇਟੀ ਦੀ ਕੰਪਨੀ ਦੀ ਨਾਂ ‘ਤੇ ਪੈਸੇ ਟਰਾਂਸਫਰ ਕੀਤੇ ਜਾਣ ਵਰਗੇ ਮਾਮਲਿਆਂ ਵਿੱਚ ਗੋਲਕ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ ਉਥੇ ਹੀ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਰਕਾਬਗੰਜ ਸਾਹਿਬ ਦੀ ਮਿੱਟੀ ਵੇਚਣ ਅਤੇ ਬਾਲਾ ਸਾਹਿਬ ਹਸਪਤਾਲ ਵੇਚਣ ਤੇ ਆਪਣੇ ਪਰਿਵਾਰ ਦੀ ਫਰਮ ਬਿੰਦਰਾ ਟੈਕਸਟਾਈਲਜ਼ ਦੇ ਨਾਂ ‘ਤੇ ਪੈਸੇ ਟਰਾਂਸਫਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੂੰ ਸਮਝ ਆ ਗਿਆ ਹੈ ਕਿ ਜੋ ਚੋਰੀਆਂ ਉਨ੍ਹਾਂ ਨੇ ਕੀਤੀਆਂ ਹਨ ਅਤੇ ਜੇਕਰ ਇਨ੍ਹਾਂ ਦੀ ਜਾਂਚ ਹੋ ਗਈ ਤਾਂ ਇਹ ਦੋਵੇਂ ਸਥਾਈ ਤੌਰ ‘ਤੇ ਸਿੱਖ ਕੌਮ ਵਿਚੋਂ ਖਾਰਜ ਕਰ ਦਿੱਤੇ ਜਾਣਗੇ।
ਪ੍ਰਧਾਨ ਮੁੱਦੇ ਭਟਾਉਣ ਵਿੱਚ ਮਾਹਿਰ: ਜਾਗੋ
ਜਾਗੋ ਦੇ ਬੁਲਾਰੇ ਨੇ ਸ੍ਰੀ ਸਿਰਸਾ ਦੀ ਇਹ ਬਿਆਨਬਾਜ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ‘ਕਵਰਿੰਗ ਫਾਰਿੰਗ’ ਵੱਜੋਂ ਪ੍ਰੀਭਾਸ਼ਤ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਮੁੱਦੇ ਭਟਕਾਉਣ ਵਿੱਚ ਮਾਹਰ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨਾਂ ਦੀ ਅੱਜ ਹੋਈ ਅਹਿਮ ਬੈਠਕ ਵਿੱਚ ਦਿੱਲੀ ਕਮੇਟੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦਾ ਐਲਾਨ ਹੋਣ ਦੀ ਗੱਲ ਸ਼ਾਇਦ ਸ੍ਰੀ ਸਿਰਸਾ ਨੂੰ ਪਹਿਲਾਂ ਪਤਾ ਸੀ। ਇਸੇ ਕਰ ਕੇ ਸ੍ਰੀ ਸਿਰਸਾ ਨੇ ਜਾਗੋ ਪਾਰਟੀ ਦੇ ਮੁਖੀ ‘ਤੇ ਜਾਂਚ ਨੂੰ ਮਨ੍ਹਾਂ ਕਰਨ ਨੂੰ ਲੈ ਕੇ ਸਵਾਲ ਚੁੱਕ ਦਿੱਤੇ। ਬੁਲਾਰੇ ਮੁਤਾਬਕ ਪਾਰਟੀ ਹਰ ਪ੍ਰਕਾਰ ਦੀ ਜਾਂਚ ਲਈ ਤਿਆਰ ਹੈ।