ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੂਨ
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ’ਤੇ ਲੱਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪੱਕਾ ਮੋਰਚਾ ਅੱਜ 200ਵੇਂ ਦਿਨ ਵਿਚ ਪਹੁੰਚ ਗਿਆ ਹੈ। ਅੱਜ ਦੀ ਸਟੇਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤੀ ਗਈ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੀ ਜਾਬਰ ਹਕੂਮਤ ਦਾ ਜਬਰ ਸਬਰ ਤੇ ਸਿਦਕ ਨਾਲ ਝੱਲਿਆ। ਜਦੋਂ ਗੁਰੂ ਅਰਜਨ ਦੇਵ ਜੀ ਕਿਰਤ ਕਰਨ ਵਾਲੇ ਲੋਕਾਂ ਦੀ ਆਵਾਜ਼ ਬਣੇ ਤਾਂ ਉਨ੍ਹਾਂ ਨੂੰ ਜੇਠ-ਹਾੜ੍ਹ ਦੀ ਅੱਗ ਵਰਗੀ ਦੁਪਹਿਰ ’ਚ ਤੱਤੀ ਤਵੀ ’ਤੇ ਬਿਠਾ ਕੇ ਅਤੇ ਸਿਰ ਵਿਚ ਤੱਤਾ ਰੇਤ ਪਾ ਕੇ ਅਸਹਿ ਅਤੇ ਅਕਹਿ ਕਸਟ ਦੇ ਕੇ 1606 ਵਿੱਚ ਅੱਜ ਵਾਲੇ ਦਿਨ (14 ਜੂਨ) ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਤਸੀਹੇ ਝੱਲ ਕੇ ਵੀ ਗੁਰੂ ਜੀ ਨੇ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਦਾ ਸੁਨੇਹਾ ਦਿੱਤਾ। ਅੱਜ ਵੀ ਦੇਸ਼ ਦੀਆਂ ਹਕੂਮਤਾਂ ਉਵੇਂ ਹੀ ਜਬਰ ਕਰ ਰਹੀਆਂ ਹਨ।
ਪੀਐੱਸਯੂ ਸ਼ਹੀਦ ਰੰਧਾਵਾ ਦੇ ਆਗੂ ਬਲਵਿੰਦਰ ਸਿੰਘ ਸੋਮੀ ਨੇ ਅੱਜ ਦੀ ਸਟੇਜ ਤੋਂ ਗੁਰੂ ਅਰਜਨ ਦੇਵ ਦੀ ਜਹਾਂਗੀਰ ਵੱਲੋਂ ਕੀਤੀ ਗਈ ਸ਼ਹਾਦਤ ਨਾਲ ਕੜੀ ਜੋੜ ਕਰਦਿਆਂ ਕਿਹਾ ਕਿ 1979 ਵਿਚ ਬਾਦਲ ਹਕੂਮਤ ਵੱਲੋਂ ਪੰਜਾਬ ਸਟੂਡੈਂਟ ਯੂਨੀਅਨ ਦੇ ਬਹੁਤ ਹੀ ਸੂਝਵਾਨ ਅਤੇ ਨਿਧੜਕ ਆਗੂ ਪਿਰਥੀਪਾਲ ਰੰਧਾਵਾ ਦੀ ਸਰਕਾਰੀ ਗੁੰਡਿਆਂ ਵੱਲੋਂ ਕਥਿਤ ਆਵਾਜ਼ ਬੰਦ ਕਰਵਾਈ ਕਿਉਂਕਿ ਇਹ ਸੂਝਵਾਨ ਆਗੂ ਵਿਦਿਆਰਥੀਆਂ ਦਾ ਆਗੂ ਹੀ ਨਹੀਂ ਸੀ ਸਗੋਂ ਕਿਰਤ ਕਰਨ ਵਾਲੇ ਲੋਕਾਂ ਦਾ ਮਸੀਹਾ ਵੀ ਸੀ।
ਡੀਟੀਐਫ ਦੇ ਆਗੂ ਹਰਜੀਤ ਸਿੰਘ ਜੀਦਾ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਦੀਆਂ ਜਾਬਰ ਹਕੂਮਤਾਂ ਖੇਤੀ ਨੂੰ ਉਜਾੜਨ ਵਾਲੇ ਤਿੰਨ ਕਾਲੇ ਹੀ ਨਹੀਂ ਲੈ ਕੇ ਆਈਆਂ ਸਗੋਂ ਸਭ ਤੋਂ ਪਹਿਲਾਂ ਕਰੋਨਾ ਦੀ ਓਟ ਥੱਲੇ ਕਿਰਤ ਕਾਨੂੰਨਾਂ ਦੀ ਛਾਂਗ ਛੰਗਾਈ ਕੀਤੀ। ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੇ ਇਸ ਮੋਰਚੇ ਨੇ ਸਾਰੀਆਂ ਹੀ ਲੜਨ ਵਾਲੀਆਂ ਧਿਰਾਂ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਸੰਘਰਸ਼ ਬਿਨਾਂ ਹੋਰ ਕੋਈ ਰਾਹ ਨਹੀਂ ਬਚਦਾ।