ਨਵੀਂ ਦਿੱਲੀ, 3 ਜੂਨ
ਲੌਕਡਾਊਨ ਕਰਕੇ ਵੱਖ ਵੱਖ ਥਾਈਂ ਫਸੇ ਪਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਤਕ ਪਹੁੰਚਾਉਣ ਲਈ ਰੇਲਵੇ ਵੱਲੋਂ 31 ਮਈ ਤਕ 4040 ਸ਼੍ਰਮਿਕ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ। ਰੇਲਵੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1 ਮਈ ਤੋਂ ਹੁਣ ਤਕ ਵੱਖ ਵੱਖ ਰਾਜ ਸਰਕਾਰਾਂ, ਜਿਨ੍ਹਾਂ ਵਿੱਚ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੇ ਉੱਤਰ ਪ੍ਰਦੇਸ਼ ਪ੍ਰਮੁੱਖ ਹਨ, 256 ਰੇਲਗੱਡੀਆਂ ਰੱਦ ਕਰ ਚੁੱਕੀਆਂ ਹਨ। ਮਹਾਰਾਸ਼ਟਰ ਨੇ ਮਈ ਮਹੀਨੇ ਦੌਰਾਨ 105 ਸ਼੍ਰਮਿਕ ਵਿਸ਼ੇਸ਼ ਰੇਲਗੱਡੀਆਂ ਰੱਦ ਕੀਤੀਆਂ ਹਨ। ਗੁਜਰਾਤ 47, ਕਰਨਾਟਕ 38 ਤੇ ਉੱਤਰ ਪ੍ਰਦੇਸ਼ 30 ਰੇਲਗੱਡੀਆਂ ਰੱਦ ਕਰ ਚੁੱਕਾ ਹੈ। 1 ਮਈ ਤੋਂ 3 ਜੂਨ ਤਕ ਰੇਲਵੇ ਨੇ ਕੁੱਲ 4197 ਸ਼੍ਰਮਿਕ ਰੇਲਗੱਡੀਆਂ ਚਲਾਈਆਂ ਹਨ। ਇਨ੍ਹਾਂ ਵਿੱਚੋਂ 81 ਗੱਡੀਆਂ ਰਾਹ ਵਿੱਚ ਹਨ ਜਦੋਂਕਿ 4116 ਆਪਣੀ ਮੰਜ਼ਿਲ ’ਤੇ ਪੁੱਜ ਗਈਆਂ ਹਨ। ਸਿਰਫ 10 ਹੋਰ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੀ ਯੋਜਨਾ ਵਿਚਾਰ ਅਧੀਨ ਹੈ।