ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਸਤੰਬਰ
ਦਿੱਲੀ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੈਰ, ਸਾਈਕਲਿੰਗ ਤੇ ਪਿਕਨਿਕ ਲਈ ਇੰਡੀਆ ਗੇਟ ਅਤੇ ਕਰਤੱਵਯ ਮਾਰਗ ’ਤੇ ਨਾ ਜਾਣ। ਮੀਡੀਆ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਪੁਲੀਸ ਕਮਿਸ਼ਨਰ (ਟਰੈਫਿਕ) ਐੱਸਐੱਸ ਯਾਦਵ ਨੇ ਕਿਹਾ ਕਿ ਇੰਡੀਆ ਗੇਟ ਕਰਤੱਵਯ ਮਾਰਗ ਨੂੰ ਨਿਯੰਤਰਿਤ ਜ਼ੋਨ ਬਣਾਇਆ ਗਿਆ ਹੈ। ਇਸ ਲਈ ਦਿੱਲੀ ਪੁਲੀਸ ਲੋਕਾਂ ਨੂੰ ਜੀ-20 ਸੰਮੇਲਨ ਦੌਰਾਨ ਪੈਦਲ, ਸਾਈਕਲ ਜਾਂ ਪਿਕਨਿਕ ਲਈ ਇਸ ਖੇਤਰ ਵਿੱਚ ਨਾ ਜਾਣ ਦੀ ਅਪੀਲ ਕਰਦੀ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ ਯਾਦਵ ਨੇ ਇਹ ਵੀ ਕਿਹਾ ਕਿ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਜ਼ਰੂਰੀ ਵਸਤੂਆਂ ਦੀ ਆਨਲਾਈਨ ਡਿਲਵਰੀ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਭੋਜਨ ਡਿਲਵਰੀ ਸੇਵਾਵਾਂ ਬੰਦ ਰਹਿਣਗੀਆਂ। ਜੀ-20 ਪਾਸ ਵਾਲੇ ਮੀਡੀਆ ਕਰਮਚਾਰੀ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਇਕੱਠੇ ਹੋਣਗੇ ਪਰ ਮੀਡੀਆ ਵਾਹਨਾਂ ਨੂੰ ਨਵੀਂ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟਰੈਫਿਕ ਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਨੈਵੀਗੇਸ਼ਨ ਐਪ ‘ਮੈਪ ਮਾਈ ਇੰਡੀਆ’ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਥੇ ਹੀ ਦਿੱਲੀ ਦੇ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਕਿਹਾ ਕਿ ਜੀ-20 ਸੰਮੇਲਨ ਦੇ ਮੱਦੇਨਜ਼ਰ 8 ਤੋਂ 10 ਸਤੰਬਰ ਤੱਕ ਸ਼ਹਿਰ ਭਰ ਦੇ ਸਾਰੇ ਸਕੂਲ, ਕਾਲਜ ਅਤੇ ਦਫਤਰ ਬੰਦ ਰਹਿਣਗੇ। ‘ਆਪ’ ਆਗੂ ਨੇ ਇਹ ਵੀ ਕਿਹਾ ਕਿ ਦਿੱਲੀ ਡੈਲੀਗੇਟਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਸਿਹਤ ਮੰਤਰੀ ਸੌਰਭ ਭਾਰਦਵਾਜ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਤਿਸ਼ੀ ਨੇ ਕਿਹਾ, ‘‘ਜੀ-20 ਸੰਮੇਲਨ ਦੇ ਮੱਦੇਨਜ਼ਰ 8 ਤੋਂ 10 ਸਤੰਬਰ ਤੱਕ ਦਿੱਲੀ ਵਿੱਚ ਸਾਰੇ ਸਕੂਲ, ਕਾਲਜ ਤੇ ਦਫਤਰ ਬੰਦ ਰਹਿਣਗੇ। ਆਤਿਸ਼ੀ ਨੇ ਅੱਗੇ ਕਿਹਾ ਕਿ ਵਿਦੇਸ਼ੀ ਡੈਲੀਗੇਟਾਂ ਦੇ ਸਵਾਗਤ ਲਈ ਸੜਕਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਜੀ-20 ਸੰਮੇਲਨ ਤੋਂ ਪਹਿਲਾਂ 1.5 ਲੱਖ ਬੂਟੇ ਲਗਾਏ ਹਨ, 30 ਥਾਵਾਂ ’ਤੇ ਫੁਹਾਰੇ ਲਗਾਏ ਗਏ ਹਨ ਅਤੇ ਕਰੀਬ 80-90 ਮੂਰਤੀਆਂ ਸਥਾਪਤ ਕੀਤੀਆਂ ਗਈਆਂ ਹਨ।
ਦਿੱਲੀ ਮੈਟਰੋ ਸੇਵਾਵਾਂ ਭਲਕ ਤੋਂ 4 ਵਜੇ ਹੋਣਗੀਆਂ ਸ਼ੁਰੂ
ਦਿੱਲੀ ਮੈਟਰੋ ਨੇ ਜੀ-20 ਸੰਮੇਲਨ ਦੌਰਾਨ ਯਾਤਰੀਆਂ ਦੀ ਸਹੂਲਤ ਲਈ ਕਿਹਾ ਕਿ ਕੌਮੀ ਰਾਜਧਾਨੀ ਵਿੱਚ 3 ਦਿਨਾਂ ਤੱਕ ਚੱਲਣ ਵਾਲੇ ਸੰਮੇਲਨ ਦੌਰਾਨ ਦਿੱਲੀ ਮੈਟਰੋ ਸੇਵਾਵਾਂ ਸਵੇਰੇ 4 ਵਜੇ ਸ਼ੁਰੂ ਹੋਣਗੀਆਂ। ਡੀਐੱਮਆਰਸੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਦਿੱਲੀ ਮੈਟਰੋ ਰੇਲ ਸੇਵਾਵਾਂ ਤਿੰਨ ਦਿਨਾਂ (8 ਤੋਂ 10 ਸਤੰਬਰ ਤੱਕ) ਸਾਰੀਆਂ ਲਾਈਨਾਂ ਦੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸੁਪਰੀਮ ਕੋਰਟ ਦੇ ਮੈਟਰੋ ਸਟੇਸ਼ਨ ਨੂੰ ਛੱਡ ਕੇ ਸਾਰੇ ਸਟੇਸ਼ਨ ਇਸ ਮਿਆਦ ਦੌਰਾਨ ਆਮ ਲੋਕਾਂ ਲਈ ਖੁੱਲ੍ਹੇ ਰਹਿਣਗੇ। ਡੀਐੱਮਆਰਸੀ ਨੇ ਕਿਹਾ ਕਿ ਸਵੇਰੇ 6 ਵਜੇ ਤੱਕ ਸਾਰੀਆਂ ਲਾਈਨਾਂ ’ਤੇ 30 ਮਿੰਟ ਦੇ ਫਰਕ ਨਾਲ ਮੈਟਰੋ ਚੱਲਣਗੀਆਂ ਤੇ ਇਸ ਤੋਂ ਬਾਅਦ ਮੈਟਰੋ ਸਾਰੀਆਂ ਲਾਈਨਾਂ ’ਤੇ ਦਿਨ ਭਰ ਆਮ ਸਮਾਂ ਸਾਰਣੀ ਦੇ ਅਨੁਸਾਰ ਚੱਲਣਗੀਆਂ। ਡੀਐੱਮਆਰਸੀ ਨੇ ਕਿਹਾ ਕਿ ਮੈਟਰੋ ਸੇਵਾਵਾਂ ਆਮ ਲੋਕਾਂ, ਪੁਲੀਸ ਕਰਮਚਾਰੀਆਂ ਅਤੇ ਜੀ-20 ਸੰਮੇਲਨ ਲਈ ਤਾਇਨਾਤ ਹੋਰ ਸਹਾਇਕ ਏਜੰਸੀਆਂ ਦੇ ਸਟਾਫ ਦੀ ਸਹੂਲਤ ਲਈ ਸ਼ੁਰੂ ਹੋਣਗੀਆਂ।
ਚਿੱਤਰਾਂ ਨਾਲ ਸ਼ਿੰਗਾਰੇ ਦਿੱਲੀ ਦੇ ਅੰਡਰਪਾਸ
ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਜੀ-20 ਸੰਮੇਲਨ ਅੱਠ ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਕੌਮਾਂਤਰੀ ਸਮਾਗਮ ਲਈ ਦਿੱਲੀ ਨੂੰ ਸਜਾਉਣ ਲਈ ਸੂਬਾ ਸਰਕਾਰ ਸਣੇ ਕੇਂਦਰ ਸਰਕਾਰ ਤੇ ਐੱਨਡੀਐੱਮਸੀ, ਐੱਮਸੀਡੀ ਜੁਟੇ ਹੋਏ ਹਨ। ਜੀ-20 ਸੰਮੇਲਨ ਵਾਲੀ ਮੁੱਖ ਥਾਂ ਪ੍ਰਗਤੀ ਮੈਦਾਨ ਦੇ ਆਸ-ਪਾਸ ਦੇ ਇਲਾਕਿਆਂ ਦੇ ਫਲਾਈਓਵਰਾਂ/ਅੰਡਰਪਾਸਾਂ ਤੋਂ ਇਲਾਵਾ ਦਿੱਲੀ ਦੇ ਵੱਡੇ ਅੰਡਰਪਾਸਾਂ ਅਤੇ ਪੁਲਾਂ ਨੂੰ ਚਿੱਤਰਕਾਰੀ ਨਾਲ ਸ਼ਿੰਗਾਰਿਆ ਜਾ ਰਿਹਾ ਹੈ। ਖ਼ਾਸ ਕਰ ਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਲੈ ਕੇ ਨਵੀਂ ਦਿੱਲੀ ਜ਼ਿਲ੍ਹੇ ਤੱਕ ਜਾਂਦੇ ਫਲਾਈਓਵਰਾਂ/ਅੰਡਰਪਾਸਾਂ ਦੇ ਆਲੇ-ਦੁਆਲੇ ਹਰਿਆਲੀ ਵਧਾਉਣ ਲਈ ਗਮਲੇ ਰੱਖੇ ਗਏ ਹਨ ਤੇ ਇੱਥੇ ਚਿੱਤਰਕਾਰੀ ਕੀਤੀ ਗਈ ਹੈ। ਚਿੱਤਰਕਾਰੀ ਵਿੱਚ ਭਾਰਤੀ ਦਰਸ਼ਨ, ਸੱਭਿਆਚਾਰ ਤੇ ਸੰਸਕ੍ਰਿਤੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੀ-20 ਸੰਮਲੇਨ ਲਈ ਜੋ ਚਿੱਤਰਕਾਰੀ ਫਲਾਈਓਵਰਾਂ/ਅੰਡਰਪਾਸਾਂ ਉਪਰ ਕੀਤੀ ਗਈ ਹੈ, ਉਸ ਵਿੱਚ ਪੰਜਾਬੀ ਸੱਭਿਆਚਾਰ ਦੀ ਬਹੁਤੀ ਝਲਕ ਦੇਖਣ ਨੂੰ ਨਹੀਂ ਮਿਲੀ। ਪੰਜਾਬੀ ਸੂਰਬੀਰਾਂ, ਯੋਧਿਆਂ ਤੇ ਸ਼ਹੀਦਾਂ ਦੇ ਚਿੱਤਰ ਵੀ ਬਹੁਤੇ ਦਿਖਾਈ ਨਹੀਂ ਦਿੱਤੇ।