ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਮੁੱਖ ਮਾਰਗਾਂ ਉਪਰ ਚੱਲ ਰਹੇ ਕਿਸਾਨ ਧਰਨਿਆਂ ਨੂੰ ਮਿਲਣ ਵਾਲੇ ਫੰਡਾਂ ਨੂੰ ਲੈ ਕੇ ਚਾਹੇ ਕੇਂਦਰੀ ਜਾਂਚ ਏਜੰਸੀਆਂ ਸਮੇਤ ਆਮਦਨ ਕਰ ਮਹਿਕਮੇ ਨੇ ਕਈ ਢੁੱਚਰਾਂ ਡਾਹੀਆਂ ਅਤੇ ਪੰਜਾਬ ਦੇ ਆੜ੍ਹਤੀਆਂ ਨੂੰ ਡਰਾਉਣ ਲਈ ਛਾਪੇ ਵੀ ਮਾਰੇ ਪਰ ਇਸ ਦੇ ਬਾਵਜੂਦ ਮੋਰਚਿਆਂ ’ਤੇ ਮਾਇਆ ਦੀ ਬਰਸਾਤ ਪੈਣੀ ਜਾਰੀ ਹੈ।
ਰੋਜ਼ਾਨਾ ਦਾਨੀ ਸੱਜਣਾਂ ਵੱਲੋਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਟੇਜਾਂ ਉਪਰੋਂ ਦਿੱਤੇ ਦਾਨ ਦਾ ਐਲਾਨ ਹਰ ਬੁਲਾਰੇ ਦੇ ਭਾਸ਼ਣ ਮਗਰੋਂ ਕੀਤਾ ਜਾਂਦਾ ਹੈ। ਹਾਲਾਂਕਿ ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਮੋਰਚੇ ਲੰਬੇ ਹੋਣ ਨਾਲ ਜਿੱਥੇ ਮਾਇਆ ਦੀ ਕਮੀ ਹੋ ਸਕਦੀ ਹੈ ਉੱਥੇ ਭੀੜ ਵੀ ਘੱਟਣ ਲੱਗੇਗੀ। ਇਨ੍ਹਾਂ ਖਦਸ਼ਿਆਂ ਨੂੰ ਦੂਰ ਕਰਦੇ ਹੋਏ ਕਿਸਾਨਾਂ ਦਾ ਸਾਥ ਦੇਣ ਵਾਲਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੇ ਕਿਸਾਨ ਇਕੱਲੇ ਨਹੀਂ ਹਨ। ਸਿੰਘੂ ਵਿੱਚ ਮੋਰਚੇ ਦਾ ਹਿਸਾਬ ਰੱਖਣ ਵਾਲੇ ਅਮਰੀਕ ਸਿੰਘ ਤੇ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਉਹ ਸਾਰਾ ਹਿਸਾਬ ਪਾਰਦਰਸ਼ੀ ਰੱਖ ਰਹੇ ਹਨ ਅਤੇ ਹਰ ਮਾਇਆ ਦਾ ਐਲਾਨ ਸਟੇਜ ਤੋਂ ਕੀਤਾ ਜਾਂਦਾ ਹੈ। ਧਰਨੇ ਜਿੰਨੇ ਵਿਸ਼ਾਲ ਹੋ ਗਏ ਹਨ ਉਨ੍ਹਾਂ ਦਾ ਖਰਚ ਵੀ ਵਧਿਆ ਹੈ ਪਰ ਕਿਸਾਨਾਂ ਦੇ ਸਮਰਥਕਾਂ ਵੱਲੋਂ ਮਾਇਆ ਦਾ ਮੀਂਹ ਵਰ੍ਹਾਇਆ ਜਾ ਰਿਹਾ ਹੈ ਅਤੇ ਮੋਰਚਿਆਂ ਵਿੱਚ ਸ਼ਾਮਲ ਕਿਸਾਨਾਂ ਨੂੰ ਹਰ ਸਹੂਲਤ ਇੱਥੇ ਮਿਲ ਰਹੀ ਹੈ। ਕਿਸਾਨ ਆਗੂ ਹਰਜੀਤ ਰਵੀ, ਬਲਦੇਵ ਸਿੰਘ ਗਰੇਵਾਲ, ਰਮਿੰਦਰ ਸਿੰਘ ਨੇ ਦੱਸਿਆ ਕਿ ਹੁਣ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਣੀਆਂ ਹਨ ਚਾਹੇ ਕੇਂਦਰੀ ਮੰਤਰੀ ਕਿੰਨੇ ਵੀ ਤਰਕ ਦਿੰਦੇ ਰਹਿਣ। ਉਨ੍ਹਾਂ ਕਿਹਾ ਕਿ ਆਗੂਆਂ ਵੱਲੋਂ ਦਿੱਤੇ ਹੋਏ ਅਗਲੇ ਪ੍ਰੋਗਰਾਮਾਂ ਨਾਲ ਕਿਸਾਨਾਂ ਦੀ ਸ਼ਮੂਲੀਅਤ ਹੋਰ ਵਧੇਗੀ। ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਉਤਸ਼ਾਹ ਨਾਲ ਉੱਠ ਪੈਣ ਨਾਲ ਮੋਰਚੇ ਵਿੱਚ ਬਹੁਤ ਵਾਧਾ ਹਰ ਪੱਖੋਂ ਹੋਇਆ ਹੈ, ਚਾਹੇ ਉਹ ਮਾਇਆ ਨਾਲ ਹੋਵੇ ਜਾਂ ਲੰਗਰ ਸਮੇਤ ਹੋਰ ਲੋੜੀਂਦੇ ਸਾਮਾਨ ਹੋਣ, ਹਰ ਪਾਸੇ ਭਰਭੂਰਤਾ ਹੈ।
ਜਮਹੂਰੀ ਕਿਸਾਨ ਸਭਾ ਵੱਲੋਂ ਮੋਦੀ ਦੇ ਬਿਆਨ ਦੀ ਨਿੰਦਿਆ
ਜਮਹੂਰੀ ਕਿਸਾਨ ਸਭਾ ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਵਿੱਚ ਸ਼ਾਂਤਮਈ ਕਿਸਾਨ ਸੰਘਰਸ਼ ਖਿਲਾਫ਼ ਵਰਤੇ ਗਏ ਅਪਮਾਨਜਨਕ ਸ਼ਬਦਾਂ ਦਾ ਸਖ਼ਤ ਨੋਟਿਸ ਲੈਂਦਿਆਂ ਸਰਕਾਰ ਦੀ ਤਾਨਾਸ਼ਾਹੀ ਪੂਰਨ ਪਹੁੰਚ, ਕਿਸਾਨ ਸੰਘਰਸ਼ ਦੇ ਸ਼ਹੀਦਾਂ ਪ੍ਰਤੀ ਦਰਸਾਈ ਗਈ ਸਿਰੇ ਦੀ ਅਸੰਵੇਦਨਸ਼ੀਲਤਾ ਅਤੇ ਗੁੰਮਰਾਹਕੁਨ ਬਿਆਨਾਂ ਦੀ ਸਖ਼ਤ ਨਿੰਦਾ ਕੀਤੀ ਹੈ। ਸਿੰਘੂ ਬਾਰਡਰ ਸਥਿਤ ਕੈਂਪ ਦਫ਼ਤਰ ’ਚ ਸਾਥੀ ਧਰਮਿੰਦਰ ਸਿੰਘ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ ਸੂਬਾਈ ਕੋਰ ਟੀਮ ਦੀ ਮੀਟਿੰਗ ਦੇ ਫ਼ੈਸਲੇ ਜਾਰੀ ਕਰਦਿਆਂ ਸੂਬਾਈ ਪ੍ਰੈੱਸ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਇਹ ਜਾਣਕਾਰੀ ਦਿੱਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਬੋਲਦਿਆਂ ਨਾ ਕੇਵਲ ਮਰਿਆਦਾਵਾਂ ਦੀ ਘੋਰ ਉਲੰਘਣਾ ਕੀਤੀ ਹੈ ਬਲਕਿ ਮਹੀਨਿਆਂ ਬੱਧੀ ਸ਼ਾਂਤੀਪੂਰਨ ਸੰਘਰਸ਼ ਕਰ ਰਹੇ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਮਿਹਨਤੀ ਵਰਗਾਂ ਖਿਲਾਫ਼ ਦੇਸ਼ ਵਾਸੀਆਂ ਨੂੰ ਭੜਕਾਉਣ ਦਾ ਅਸਫਲ ਯਤਨ ਵੀ ਕੀਤਾ ਹੈ। ਡਾ. ਅਜਨਾਲਾ ਨੇ ਕਿਹਾ ਕਿ ‘ਅੰਦੋਲਨਜੀਵੀ’ ਜਿਹੇ ਸ਼ਬਦਾਂ ਦੀ ਵਰਤੋਂ ਕਰਦਿਆਂ ਮੋਦੀ ਨੇ ਮਹਾਨ ਸੁਤੰਤਰਤਾ ਸੰਗਰਾਮ ਸਮੇਤ ਹਰ ਲੋਕ ਪੱਖੀ ਸੰਘਰਸ਼ ਦਾ ਅਪਮਾਨ ਕਰਨ ਦਾ ਹੀਆਂ ਕੀਤਾ ਹੈ ਜੋ ਕਤੱਈ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਮਹੂਰੀ ਲੀਹਾਂ ’ਤੇ, ਸੰਵਿਧਾਨਕ ਦਾਇਰੇ ਅੰਦਰ ਲੜੇ ਜਾ ਰਹੇ ਦੇਸ਼ ਹਿਤੂ ਸੰਗਰਾਮ ਨੂੰ ਫਿਰਕੂ ਲੀਹਾਂ ਉਪਰ ਕੁਰਾਹੇ ਪਾਉਣ ਦੇ ਕੇਂਦਰੀ ਸਰਕਾਰ ਦੇ ਕੋਝੇ ਹਥਕੰਡਿਆਂ ਦੇ ਦੇਸ਼ ਨੂੰ ਭਵਿੱਖ ਵਿੱਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਮੀਟਿੰਗ ਵੱਲੋਂ ਸੰਘਰਸ਼ ਨੂੰ ਹੋਰ ਵਿਆਪਕ ਅਤੇ ਤਿਖੇਰਾ ਕਰਨ ਦੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵੱਲੋਂ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਫੌਰੀ ਰਿਹਾਅ ਕਰਨ ਅਤੇ ਉਸ ਉੱਪਰ ਅਣਮਨੁੱਖੀ ਜਬਰ ਢਾਹੁਣ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ।