ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਦਿੱਲੀ ਯੂਨੀਵਰਸਿਟੀ ਦੀ ਖੱਬੇਪੱਖੀ ਵਿਦਿਆਰਥੀ ਯੂਨੀਅਨ ‘ਆਇਸਾ’ ਵੱਲੋਂ ਚਾਰ ਸਾਲਾ ਅੰਡਰਗਰੈਜੂਏਟ ਪ੍ਰੋਗਰਾਮ (ਐਫਵਾਈਯੂਪੀ) ਬਾਰੇ ਕਰੀਬ 4000 ਵਿਦਿਆਰਥੀ ਦੀ ਰਾਇ ਲੈ ਕੇ ਇੱਕ ਸਰਵੇਖਣ ਦੇ ਨਤੀਜੇ ਅੱਜ ਨਸ਼ਰ ਕੀਤੇ ਗਏ। ਆਰਟਸ ਫੈਕਲਟੀ ਕੋਲ ਇੱਕਠੇ ਹੋਏ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਅੱਜ ‘ਆਇਸਾ’ ਨੇ ਆਰਟਸ ਫੈਕਲਟੀ ਵਿੱਚ ਪ੍ਰੋਫੈਸਰ ਨੰਦਿਤਾ ਨਾਰਾਇਣ, ਵਿਜੇਂਦਰ ਚੌਹਾਨ ਅਤੇ ਜਤਿੰਦਰ ਮੀਨਾ ਦੇ ਨਾਲ ਮੀਟਿੰਗ ਕੀਤੀ ਅਤੇ ਸਰਵੇਖਣ ਦੇ ਨਤੀਜੇ ਜਾਰੀ ਕੀਤੇ।
ਆਗੂਆਂ ਨੇ ਦੱਸਿਆ ਕਿ ਸਰਵੇਖਣ ਦੀ ਰਿਪੋਰਟ ਨੇ ਵਿਆਪਕ ਤੌਰ ’ਤੇ ਸਾਬਤ ਕੀਤਾ ਹੈ ਕਿ ‘ਐੱਫਵਾਈਯੂਪੀ’ ਨੇ ਵਿਦਿਆਰਥੀ ਨੂੰ ਖੋਖਲਾ ਕਰ ਦਿੱਤਾ ਹੈ। ਕੋਰਸ ਢਾਂਚੇ ਤੋਂ ਲੈ ਕੇ ਮੁਲਾਂਕਣ ਤੱਕ ਵਿਦਿਆਰਥੀਆਂ ਨੇ ਨਵੀਂ ਪ੍ਰਣਾਲੀ ਦੇ ਹਰ ਪਹਿਲੂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ 78 ਫੀਸਦ ਵਿਦਿਆਰਥੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਿੱਖਿਆ ਦੀ ਉਹ ਗੁਣਵੱਤਾ ਨਹੀਂ ਮਿਲ ਰਹੀ ਜਿਸ ਦੀ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਵਿੱਚ ਆ ਕੇ ਉਮੀਦ ਕੀਤੀ ਸੀ। 70 ਫੀਸਦੀ ਵਿਦਿਆਰਥੀਆਂ ਨੇ ਕਿਹਾ ਹੈ ਕਿ ‘ਐੱਸਈਸੀ’ ਤੇ ‘ਵੀਏਸੀ’ ਵਰਗੇ ਨਵੇਂ ਕੋਰਸ ਸਿਰਫ ਵਿਦਿਆਰਥੀਆਂ ’ਤੇ ਵਾਧੂ ਬੋਝ ਪਾਉਂਦੇ ਹਨ। 91 ਵਿਦਿਆਰਥੀਆਂ ਨੇ ਕਿਹਾ ਹੈ ਕਿ ਉਹ ਵਾਧੂ ਕੋਰਸਾਂ ਕਾਰਨ ਲਗਾਤਾਰ ਮੁਲਾਂਕਣ ਤੇ ਟੈਸਟਾਂ ਦੇ ਬੋਝ ਮਹਿਸੂਸ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਸਰਵੇਖਣ ਵਿੱਚ 68 ਫੀਸਦ ਵਿਦਿਆਰਥੀਆਂ ਅਨੁਸਾਰ ਜੇ ਹਰ ਸਾਲ ਫੀਸਾਂ ਵਿੱਚ ਵਾਧਾ ਹੁੰਦਾ ਰਿਹਾ ਤਾਂ ਉਹ 4 ਸਾਲਾਂ ਤੱਕ ਪੜ੍ਹਾਈ ਜਾਰੀ ਨਹੀਂ ਰੱਖ ਸਕਣਗੇ। 82 ਫੀਸਦੀ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਉਹ ਨਹੀਂ ਸੋਚਦੇ ਕਿ ਇਹ ਸਰਟੀਫਿਕੇਟ ਜਾਂ ਡਿਪਲੋਮਾ ਡਿਗਰੀਆਂ ਕਿਸੇ ਵੀ ਅਰਥਪੂਰਨ ਤਰੀਕੇ ਨਾਲ ਭਵਿੱਖ ਦੀਆਂ ਸੰਭਾਵਨਾਵਾਂ ਵਿੱਚ ਉਨ੍ਹਾਂ ਦੀ ਮਦਦ ਕਰਨਗੀਆਂ। ਵਿਦਿਆਰਥੀਆਂ ਨੇ ਸਪੱਸ਼ਟ ਕੀਤਾ ਕਿ ਐਫਵਾਈਯੂਪੀ ਜਾਣਾ ਲਾਜ਼ਮੀ ਹੈ। ਸਰਵੇਖਣ ਵਿੱਚ 87 ਫੀਸਦ ਵਿਦਿਆਰਥੀਆਂ ਨੇ ਕਿਹਾ ਹੈ ਕਿ ਐੱਫਵਾਈਯੂਪੀ ਨੂੰ ਸਿੱਖਿਆ ਵਿੱਚ ਜਾਰੀ ਨਹੀਂ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਐਫਵਾਈਯੂਪੀ ਕਾ ਰਿਪੋਰਟ ਕਾਰਡ’ ਨਵੀਂ ਸਿੱਖਿਆ ਨੀਤੀ 2020 ਵਿੱਚ ਰੱਖੇ ਗਏ ਵਿਕਲਪਾਂ, ਨੌਕਰੀਆਂ ਦੇ ਮੌਕਿਆਂ ਅਤੇ ਰੁਜ਼ਗਾਰ ਸਬੰਧੀ ਸਾਰੇ ‘ਝੂਠਾਂ’ ਦਾ ਜਵਾਬ ਹੈ। ‘ਆਇਸਾ’ ਨੇ ਦੱਸਿਆ ਕਿ ਯੂਨੀਵਰਸਿਟੀ ਪਹਿਲਾਂ ਹੀ ਸਰਕਾਰ ਤੋਂ 938 ਕਰੋੜ ਤੋਂ ਵੱਧ ਦਾ ਕਰਜ਼ਾ ਲੈ ਚੁੱਕੀ ਹੈ। ਪੂਰੀ ਯੂਨੀਵਰਸਿਟੀ ਵਿੱਚ 200 ਫੀਸਦ ਤੱਕ ਫੀਸਾਂ ਵਿੱਚ ਵਾਧਾ ਹੋਇਆ ਹੈ। ਐਫਵਾਈਯੂਪੀ ਮਾਡਲ ਨੇ ਯੂਨੀਵਰਸਿਟੀ ਵਿੱਚ ਬਹਿਸ, ਅਸਹਿਮਤੀ ਤੇ ਆਜ਼ਾਦੀ ਦੇ ਵਿਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਦਿਅਕ ਗੁਣਵੱਤਾ ਦੀ ਪਰਵਾਹ ਕੀਤੇ ਬਿਨਾਂ ਵਿਦਿਆਰਥੀਆਂ ਨੂੰ ਅਸਾਈਨਮੈਂਟਾਂ ਤੇ ਟੈਸਟਾਂ ਦੀ ਇੱਕ ਸਖ਼ਤ ਅਤੇ ਅਰਥਹੀਣ ਰੁਟੀਨ ਨਾਲ ਬੰਨ੍ਹਿਆ ਜਾ ਰਿਹਾ ਹੈ।