ਕੁਲਦੀਪ ਸਿੰਘ
ਨਵੀਂ ਦਿੱਲੀ, 9 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਾਈ ਜਾ ਰਹੀ ਵਿੱਦਿਅਕ ਸੰਸਥਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸਕੂਲ ਦੇ ਪ੍ਰਿੰਸੀਪਲ ਸਤਬੀਰ ਸਿੰਘ ਦੀ ਅਗਵਾਈ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਇੱਕ ਹਫ਼ਤੇ ਦਾ ‘ਸਮਰ ਕੈਂਪ’ ਲਾਇਆ ਗਿਆ। ਕੈਂਪ ਵਿੱਚ ਲਗਭਗ 403 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਲਗਾਉਣ ਦੇ ਉਦੇਸ਼ ਬਾਰੇ ਪਰਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਆਦੇਸ਼ ਅਨੁਸਾਰ ਸਕੂਲ ਵਿੱਚ ਛੁੱਟੀਆਂ ਹੋ ਚੁੱਕੀਆਂ ਹਨ ਤੇ ਵਿਦਿਆਰਥੀਆਂ ਦੀਆਂ ਛੁੱਟੀਆਂ ਨੂੰ ਰੌਚਕ ਬਣਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਦਲਵਿੰਦਰ ਸਿੰਘ ਅਨੁਸਾਰ ਸਕੂਲ ਪੱਧਰ ’ਤੇ ਇਹੋ ਜਿਹੇ ਕੈਂਪਾਂ ਰਾਹੀਂ ਵਿਦਿਆਰਥੀ ਨੂੰ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ। ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ ਕਰੋਨਾ ਦੇ ਮੱਦੇਨਜ਼ਰ ਅਸੀਂ ਸਕੂਲ ਦੇ ਨਿੱਕੇ-ਨਿੱਕੇ ਵਿਦਿਆਰਥੀਆਂ ਲਈ ‘ਸਮਰ ਕੈਂਪ’ ਰਾਹੀਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ, ਜਿਸ ਵਿਚ ਟੈਲੈਂਟ ਹੰਟ, ਕੁਕਿੰਗ, ਬੁੱਕ ਕਲੱਬ, ਆਰਟ ਅਤੇ ਕਰਾਫ਼ਟ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ‘ਫਿੱਟਨੈਸ ਕਲੱਬ’ ਦੇ ਨਾਲ-ਨਾਲ ਵਿਦੇਸ਼ੀ ਭਾਸ਼ਾਵਾਂ ਦੇ ਤਹਿਤ ਫਰੈਂਚ, ਜਰਮਨੀ ਦੀਆਂ ਕਲਾਸਾਂ ਵੀ ਲਗਵਾਈਆਂ। ਵਿਦਿਆਰਥੀਆਂ ਨੇ ਯੋਗਾ ਅਤੇ ਕਸਰਤ ਰਾਹੀਂ ਜਿੱਥੇ ਆਪਣੇ ਆਪ ਨੂੰ ਤੰਦੁਰਸਤ ਰੱਖਿਆ, ਉਥੇ ਹੀ ਟੈਲੇਂਟ ਹੰਟ ਰਾਹੀਂ ਗੀਤ ਅਤੇ ਨਾਚ ਨਾਲ ਮਾਨਸਿਕ ਤਣਾਅ ਤੋਂ ਬਚਦੇ ਹੋਏ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।