ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਪਰੈਲ
ਦਿੱਲੀ ਯੂਨੀਵਰਸਿਟੀ (ਡੀਯੂ) ਦੇ ਉਪ ਕੁਲਪਤੀ ਦੇ ਦਫ਼ਤਰ ਨੇੜੇ ਦਫ਼ਾ 144 ਲਾਉਣ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬੀਤੇ ਦਿਨੀਂ ਡੀਯੂ ਦੇ ਗੇਟ-1 ਕੋਲ ਪੁਲੀਸ ਤੇ ਵਿਦਿਆਰਥੀਆਂ ਦਰਮਿਆਨ ਟਕਰਾਓ ਦੇ ਹਾਲਤ ਬਣਨ ਮਗਰੋਂ ਉੱਥੇ ਦਫ਼ਾ 144 ਲਾ ਦਿੱਤੀ ਗਈ ਸੀ।
ਇਸ ਪ੍ਰਦਰਸ਼ਨ ਵਿੱਚ ਆਇਸਾ, ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਹੋਰ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਪ੍ਰਦਰਸ਼ਨ ਦੇ ਭਾਰੀ ਦਬਾਅ ਹੇਠ ਡੀਸੀਪੀ ਉੱਤਰੀ ਨੂੰ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਲਈ ਵੀਸੀ ਦਫ਼ਤਰ ਆਉਣਾ ਪਿਆ। ਅਧਿਆਪਕਾਂ ਤੇ ਵਿਦਿਆਰਥੀਆਂ ਦਾ ਵਫ਼ਦ ਡੀਸੀਪੀ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਉਨ੍ਹਾਂ ਮੁਤਾਬਕ ਮਹਾਮਾਰੀ ਮਗਰੋਂ ਦਿੱਲੀ ਯੂਨੀਵਰਸਿਟੀ ਨੇ ਆਪਣਾ ਆਮ ਕੰਮਕਾਜ ਮੁੜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਲ ਹੀ ਵਿੱਚ ਯੂਨੀਵਰਸਿਟੀ ਦੁਆਰਾ ਭੇਜੇ ਗਏ ਨੋਟਿਸਾਂ ਦਾ ਹਵਾਲਾ ਦਿੰਦਿਆਂ ਦਿੱਲੀ ਪੁਲੀਸ ਦੁਆਰਾ ਧਾਰਾ 144 ਲਾਗੂ ਕੀਤੀ ਗਈ ਹੈ। ਇਹ ਵਿਰੋਧ ਕਰਨ ਦੇ ਜਮਹੂਰੀ ਹੱਕ ਨੂੰ ਮਨਮਾਨੇ ਢੰਗ ਨਾਲ ਘਟਾਉਣ ਤੇ ਦਿੱਲੀ ਪੁਲੀਸ ਵੱਲੋਂ ਸ਼ਕਤੀ ਦੀ ਜਾਣਬੁੱਝ ਕੇ ਦੁਰਵਰਤੋਂ ਕਰਨ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਦੇ ਕਿਸੇ ਵੀ ਪ੍ਰਦਰਸ਼ਨ ਨੂੰ ਰੋਕਣ ਲਈ ਧਾਰਾ 144 ਦੀ ਲਗਾਤਾਰ ਵਰਤੋਂ ਕੀਤੀ ਹੈ। ਇੱਥੋਂ ਤੱਕ ਕਿ ਅਪਰੈਲ 2020 ਦੀ ਸ਼ੁਰੂਆਤ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਦਿਸ਼ਾ-ਨਿਰਦੇਸ਼ਾਂ ਵਿੱਚ 100 ਵਿਅਕਤੀਆਂ ਦੇ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਦੇ ਬਹਾਨੇ ਕਾਰਕੁਨਾਂ ਖ਼ਿਲਾਫ਼ ਕਈ ਮਾਮਲੇ ਦਰਜ ਕੀਤੇ ਗਏ ਹਨ।