ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਵਿਦਿਆਰਥੀਆਂ ਵੱਲੋਂ ਤਾਲਿਬਾਨ ਤੇ ਅਮਰੀਕੀ ਸਾਮਰਾਜਵਾਦ ਖ਼ਿਲਾਫ਼ ਅਫ਼ਗਾਨ ਲੋਕਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਗਿਆ। ਵਿਦਿਆਰਥੀਆਂ ਦੀਆਂ ਜਥੇਬੰਦੀ ਤੇ ਕ੍ਰਾਂਤੀਕਾਰੀ ਯੁਵਾ ਸੰਗਠਨ ਤੇ ਹੋਰਾਂ ਸੰਗਠਨਾਂ ਵੱਲੋਂ ਦਿੱਲੀ ਦੇ ਮੰਡੀ ਹਾਊਸ ਨੇੜਿਓਂ ਮਾਰਚ ਕੱਢਿਆ ਤੇ ਅਫ਼ਗਾਨੀਆਂ ਨਾਲ ਇੱਕਜੁੱਟਤਾ ਪ੍ਰਗਟਾਈ। ਵਿਦਿਆਰਥੀਆਂ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਅਮਰੀਕੀ ਰਾਜ ਦੀ ਵਾਪਸੀ ਤੇ ਤਾਲਿਬਾਨ ਦੁਆਰਾ ਸੱਤਾ ਹਥਿਆਉਣ ਦੀ ਬੇਰਹਿਮੀ ਨਾਲ ਸਾਰੀ ਦੁਨੀਆਂ ਹੈਰਾਨ ਹੈ। ਅਸ਼ਰਫ ਗਨੀ ਦੀ ਭ੍ਰਿਸ਼ਟ ਸਰਕਾਰ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਅਮਰੀਕੀ ਸ਼ਕਤੀਆਂ ਅਧੀਨ ਕੰਮ ਕਰ ਰਹੇ ਸਨ। ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਔਰਤਾਂ ਤੇ ਧਾਰਮਿਕ ਘੱਟ ਗਿਣਤੀਆਂ ਅੱਤਿਆਚਾਰ ਤੋਂ ਡਰਦੀਆਂ ਹਨ ਤੇ ਆਮ ਜਨਤਾ ਜਮਹੂਰੀ ਅਧਿਕਾਰਾਂ ਅਤੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਤੋਂ ਡਰਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਸ਼ੁਰੂ ਵਿੱਚ ਤਾਲਿਬਾਨ ਸ਼ਾਸਨ ਦਾ ਅਸਿੱਧੇ ਰੂਪ ਵਿੱਚ ਸਮਰਥਨ ਕੀਤਾ ਸੀ ਪਰ ਬਾਅਦ ਵਿੱਚ ਇਸ ਦੇ ਵਿਰੁੱਧ ਹੋ ਗਿਆ, ਜਦੋਂ ਤਾਲਿਬਾਨ ਤੇ ਸਾਬਕਾ ਸੋਵੀਅਤ ਵਿਰੋਧੀ ਜਹਾਦੀ ਸਮੂਹਾਂ ਦੁਆਰਾ ਇਸਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਅਫਗਾਨਿਸਤਾਨ ਤੇ ਇਰਾਕ ਦੀਆਂ ਲੜਾਈਆਂ ਜ਼ਾਹਰ ਤੌਰ ’ਤੇ ਅਤਿਵਾਦ ਦੇ ਵਿਰੁੱਧ ਲੜੀਆਂ ਗਈਆਂ ਸਨ ਪਰ ਉਨ੍ਹਾਂ ਦਾ ਅਸਲ ਉਦੇਸ਼ ਉਸ ਪੂਰੇ ਖੇਤਰ ਦਾ ਕੰਟਰੋਲ ਹਾਸਲ ਕਰਨਾ ਸੀ।
ਉਨ੍ਹਾਂ ਦੁੱਖ ਪ੍ਰਗਟਾਇਆ ਕਿ ਭਾਰਤ ਵਿੱਚ ਭਾਜਪਾ ਨੇ ਅਫਗਾਨਿਸਤਾਨ ਦੀ ਸਥਿਤੀ ਨੂੰ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਵਿਰੁੱਧ ਨਫਰਤ ਫੈਲਾਉਣ ਲਈ ਵਰਤਿਆ ਹੈ। ਕਈ ਭਾਜਪਾ ਨੇਤਾਵਾਂ ਤੇ ਕਈ ਮੀਡੀਆ ਚੈਨਲਾਂ ਨੇ ਮੁਸਲਿਮ ਭਾਈਚਾਰੇ ਤੇ ਤਾਲਿਬਾਨ ਦੇ ਸ਼ਾਸਨ ਦੇ ਵਿੱਚ ਤੁਲਨਾ ਕੀਤੀ ਹੈ ਤੇ ਉਨ੍ਹਾਂ ਨੂੰ ਤਾਲਿਬਾਨ ਵਿਚਾਰਧਾਰਾ ਦੇ ਸਮਰਥਕਾਂ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਅਤਿ ਨਿੰਦਣਯੋਗ ਹੈ। ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਫਿਰਕੂ ਨਫਰਤ ਫੈਲਾਉਣ ਵਾਲਿਆਂ ਨੂੰ ਰੋਕਣ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਸਖ਼ਤ ਲੋੜ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਫ਼ਗਾਨ ਨਾਗਰਿਕ ਤੇ ਭਾਰਤ ਵਿੱਚ ਰਹਿ ਰਹੇ ਸ਼ਰਨਾਰਥੀ ਅਜਿਹੀ ਨਫ਼ਰਤ ਤੋਂ ਸੁਰੱਖਿਅਤ ਹੋਣ ਤੇ ਕਿਸੇ ਨੂੰ ਉਨ੍ਹਾਂ ਦੇ ਵਿਸ਼ਵਾਸ ਜਾਂ ਪਛਾਣ ਦੇ ਕਾਰਨ ਸ਼ਰਣ ਤੋਂ ਇਨਕਾਰ ਨਾ ਕੀਤਾ ਜਾਵੇ।