ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਫਰਵਰੀ
ਦਿੱਲੀ ਐਨਸੀਆਰ ਵਿੱਚ ਠੰਢ ਦੇ ਨਾਲ ਸੰਘਣੀ ਧੁੰਦ ਵੀ ਛਾਈ ਰਹੀ। ਹਾਲਾਂ ਕਿ ਦਿਨ ਭਰ ਸੂਰਜ ਚਮਕਿਆ ਜਿਸ ਨਾਲ ਦਿਨ ਦਾ ਤਾਪਮਾਨ ਵਧਿਆ ਪਰ ਘੱਟੋ-ਘੱਟ ਤਾਪਮਾਨ 6.6 ਡਿਗਰੀ ਮਾਪਿਆ ਗਿਆ। ਮੀਂਹ ਪੈਣ ਮਗਰੋਂ ਵਗੀ ਹਵਾ ਨਾਲ ਦਿੱਲੀ ਦੀ ਆਬੋ-ਹਵਾ ਵਿੱਚ ਸੁਧਾਰ ਹੋਇਆ ਜਿਸ ਕਰਕੇ ਪ੍ਰਦੂਸ਼ਣ ਵਿੱਚ ਕਮੀ ਆਈ। ਹਵਾ ਸ਼ੁੱਧਤਾ ਸੂਚਕ ਅੰਕ (ਏਕਿਊਆਈ) 197 ਤੱਕ ‘ਦਰਮਿਆਨੇ ਪੱਧਰ’ ਤੱਕ ਹੇਠਾਂ ਖਿਸਕ ਆਇਆ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦਿੱਲੀ ਦੀ ਹਵਾ ਗੁਣਵੱਤਾ ਵਿੱਚ ਸੁਧਾਰ ਆਇਆ ਹੈ।
ਸਵੇਰੇ 8 ਵਜੇ ਤੱਕ ਕੁੱਲ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਸਖ਼ਤ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 10 ਫਰਵਰੀ ਤੱਕ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ 8 ਤੋਂ 9 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਅਗਲੇ 4 ਦਿਨਾਂ ਦੌਰਾਨ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਰਾਸ਼ਟਰੀ ਰਾਜਧਾਨੀ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ, ਜਿਸ ਨਾਲ ਕੁਝ ਖੇਤਰਾਂ ਵਿੱਚ ਸਵੇਰ ਤੇ ਰਾਤ ਦੇ ਸਮੇਂ ਵਿੱਚ ਘੱਟ ਦ੍ਰਿਸ਼ਟਤਾ ਹੋਵੇਗੀ।
ਇਹ ਵੀ ਭਵਿੱਖਬਾਣੀ ਕੀਤੀ ਗਈ ਕਿ 8 ਫਰਵਰੀ 2022 ਤੋਂ ਇੱਕ ਹੋਰ ਪੱਛਮੀ ਗੜਬੜੀ ਦੇ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਅਧੀਨ ਰਾਸ਼ਟਰੀ ਰਾਜਧਾਨੀ ਵਿੱਚ 9 ਫਰਵਰੀ ਨੂੰ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।