ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜਨਵਰੀ
ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਇਹ ਹੈ ਕਿ ਲੋਕਾਂ ਨੂੰ ਵੀਰਵਾਰ ਤੱਕ ਠੰਢ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। 21 ਅਤੇ 22 ਜਨਵਰੀ ਨੂੰ ਬਰਸਾਤ ਕਾਰਨ ਤਾਪਮਾਨ ’ਚ ਵਾਧਾ ਹੋਣ ਕਾਰਨ ਠੰਢ ਤੋਂ ਕੁਝ ਰਾਹਤ ਮਿਲੇਗੀ ਪਰ ਆਉਣ ਵਾਲੇ ਦਿਨਾਂ ’ਚ ਪਹਾੜੀ ਇਲਾਕੇ ਵਿੱਚ ਬਰਫਬਾਰੀ ਕਾਰਨ ਸਰਦੀ ਦਾ ਮੌਸਮ ਮੁੜ ਪਰਤ ਸਕਦਾ ਹੈ। ਇਸ ਦੌਰਾਨ ਮੰਗਲਵਾਰ ਨੂੰ ਵੀ ਹਲਕੀ ਰਾਹਤ ਦੇ ਨਾਲ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਪਰ ਕੰਬਣੀ ਜਾਰੀ ਰਹੀ। ਕੜਾਕੇ ਦੀ ਠੰਢ ਵਿਚ ਸੂਰਜ ਬੇਅਸਰ ਸਾਬਤ ਹੋਇਆ। ਬਰਫੀਲੀਆਂ ਹਵਾਵਾਂ ਕਾਰਨ ਧੁੱਪ ਘੱਟ ਅਸਰਦਾਰ ਸਾਬਤ ਹੋ ਰਹੀ ਹੈ। ਮੰਗਲਵਾਰ ਨੂੰ ਦਿੱਲੀ ਦੇ ਸਫਦਰਜੰਗ ਇਲਾਕੇ ’ਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਪਾਲਮ ’ਚ ਇਹ 8.9 ਡਿਗਰੀ ਸੈਲਸੀਅਸ ਸੀ। ਇਸ ਦੇ ਨਾਲ ਹੀ ਦਿੱਲੀ ਦੇ ਲੋਦੀ ਰੋਡ ਇਲਾਕੇ ’ਚ ਸਭ ਤੋਂ ਘੱਟ ਤਾਪਮਾਨ ਯਾਨੀ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਫਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਤੇ ਪਾਲਮ ਅਤੇ ਲੋਦੀ ਰੋਡ ਵਿੱਚ ਆਮ ਨਾਲੋਂ 2 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਸੀ। ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਦਿਨ ਤੇ ਵੀਰਵਾਰ ਤੱਕ ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਅਨੁਸਾਰ ਬਰਫੀਲੀਆਂ ਹਵਾਵਾਂ ਕਾਰਨ ਲੋਕ ਠੰਢ ’ਚ ਠਰਨ ਲਈ ਮਜਬੂਰ ਹਨ।
ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਦਰਜ
ਦਿੱਲੀ-ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਵੀ ਹਵਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਰਹੀ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਮੁਤਾਬਕ ਮੰਗਲਵਾਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 312 ’ਤੇ ਰਿਹਾ, ਜੋ ਕਿ ਬਹੁਤ ਹੀ ਖਰਾਬ ਸ਼੍ਰੇਣੀ ’ਚ ਹੈ। ਅਜਿਹੇ ’ਚ ਮਾਹਿਰਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਤੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਭਵਿੱਖਬਾਣੀ ਹੈ ਕਿ ਅਗਲੇ ਦੋ-ਤਿੰਨ ਦਿਨਾਂ ਤੱਕ ਹਵਾ ਦੀ ਗੁਣਵੱਤਾ ਦੇ ਪੱਧਰ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਹੋਵੇਗਾ। 21 ਜਨਵਰੀ ਤੋਂ ਹਵਾ ਦੀ ਰਫ਼ਤਾਰ ਵਧਣ ਦਾ ਅਨੁਮਾਨ ਹੈ ਤਾਂ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਗੁਰੂਗ੍ਰਾਮ ਨੂੰ ਛੱਡ ਕੇ ਬਾਕੀ ਸਾਰੇ ਸਥਾਨਾਂ ਦਾ ਹਵਾ ਸੂਚਕਾਂਕ 300 ਤੋਂ ਉੱਪਰ ਸੀ।